ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਦੀਆਂ ਚਾਰ ਵਿਚੋਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਹੈ, ਜਦਕਿ ਇਕ ਸੀਟ ਕਾਂਗਰਸ ਨਾਲ ਸਬੰਧਤ ਐਨ.ਐੱਸ.ਯੂ.ਆਈ. ਦੇ ਹਿੱਸੇ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਏ.ਬੀ.ਵੀ.ਪੀ. ਦੇ ਤੁਸ਼ਾਰ ਡੇਢਾ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐੱਸ.ਯੂ.ਆਈ.) ਦੇ ਹਿਤੇਸ਼ ਗੁਲੀਆ ਨੂੰ ਹਰਾ ਕੇ ਡੀ.ਯੂ.ਐੱਸ.ਯੂ. ਦਾ ਪ੍ਰਧਾਨ ਚੁਣਿਆ ਗਿਆ ਹੈ। ਕਾਂਗਰਸ ਦੇ ਵਿਦਿਆਰਥੀ ਵਿੰਗ ਦੇ ਅਭੀ ਦਹੀਆ ਨੇ ਡੀ.ਯੂ.ਐੱਸ.ਯੂ. ਦੇ ਮੀਤ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ। ਏ.ਬੀ.ਵੀ.ਪੀ. ਦੀ ਅਪਰਾਜਿਤਾ ਅਤੇ ਸਚਿਨ ਬੈਸਲਾ ਨੂੰ ਕ੍ਰਮਵਾਰ ਸਕੱਤਰ ਅਤੇ ਸੰਯੁਕਤ ਸਕੱਤਰ ਚੁਣਿਆ ਗਿਆ ਹੈ।
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਲਈ ਸ਼ੁਕਰਵਾਰ ਨੂੰ ਵੋਟਿੰਗ ਹੋਈ ਅਤੇ ਵੋਟਾਂ ਦੀ ਗਿਣਤੀ ਸ਼ਨਿਚਰਵਾਰ ਨੂੰ ਹੋਈ। ਡੀ.ਯੂ.ਐੱਸ.ਯੂ. ਚੋਣਾਂ ’ਚ ਹਮੇਸ਼ਾ ਹੀ ਏ.ਬੀ.ਵੀ.ਪੀ. ਅਤੇ ਐਨ.ਐੱਸ.ਯੂ.ਆਈ. ਵਿਚਕਾਰ ਸਿੱਧਾ ਮੁਕਾਬਲਾ ਹੁੰਦਾ ਰਿਹਾ ਹੈ। ਇਸ ਤੋਂ ਪਹਿਲਾਂ ਡੀ.ਯੂ.ਐੱਸ.ਯੂ. ਦੀਆਂ ਚੋਣਾਂ 2019 ’ਚ ਹੋਈਆਂ ਸਨ। ਕੋਵਿਡ-19 ਮਹਾਂਮਾਰੀ ਕਾਰਨ 2020 ਅਤੇ 2021 ’ਚ ਚੋਣਾਂ ਨਹੀਂ ਹੋ ਸਕੀਆਂ, ਜਦੋਂ ਕਿ ਅਕਾਦਮਿਕ ਕੈਲੰਡਰ ’ਚ ਸੰਭਾਵਤ ਵਿਘਨ ਕਾਰਨ 2022 ’ਚ ਵੀ ਚੋਣਾਂ ਨਹੀਂ ਹੋ ਸਕੀਆਂ।
ਇਸ ਸਾਲ ਡੀ.ਯੂ.ਐੱਸ.ਯੂ. ਦੀਆਂ ਚਾਰ ਅਸਾਮੀਆਂ ਲਈ ਕੁਲ 24 ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਸਨ। ਚੋਣਾਂ ਲਈ ਮੁੱਖ ਚੋਣ ਅਧਿਕਾਰੀ ਪ੍ਰੋਫੈਸਰ ਚੰਦਰਸ਼ੇਖਰ ਨੇ ਦਸਿਆ ਕਿ ਇਸ ਚੋਣ ਵਿਚ 42 ਫੀ ਸਦੀ ਵੋਟਿੰਗ ਹੋਈ। ਇਨ੍ਹਾਂ ਚੋਣਾਂ ’ਚ ਇਕ ਲੱਖ ਦੇ ਕਰੀਬ ਵਿਦਿਆਰਥੀ ਵੋਟ ਪਾਉਣ ਦੇ ਯੋਗ ਸਨ।
52 ਕਾਲਜਾਂ ਅਤੇ ਵਿਭਾਗਾਂ ’ਚ ਕੇਂਦਰੀ ਪੈਨਲ ਦੀਆਂ ਚੋਣਾਂ ਈ.ਵੀ.ਐਮ. ਰਾਹੀਂ ਕਰਵਾਈਆਂ ਗਈਆਂ, ਜਦੋਂਕਿ ਕਾਲਜ ਯੂਨੀਅਨ ਦੀਆਂ ਚੋਣਾਂ ਲਈ ਵੋਟਾਂ ਪੇਪਰ ਬੈਲਟ ਰਾਹੀਂ ਕਰਵਾਈਆਂ ਗਈਆਂ।
ਚੋਣਾਂ ’ਚ ਵਿਦਿਆਰਥੀਆਂ ਲਈ ਫੀਸਾਂ ’ਚ ਵਾਧਾ, ਸਸਤੀ ਰਿਹਾਇਸ਼ ਦੀ ਘਾਟ, ਕਾਲਜ ’ਚ ਕਰਵਾਏ ਗਏ ਵੱਖ-ਵੱਖ ਸਮਾਗਮਾਂ ਦੌਰਾਨ ਸੁਰੱਖਿਆ ਅਤੇ ਮਾਹਵਾਰੀ ਛੁੱਟੀ ਮੁੱਖ ਮੁੱਦੇ ਰਹੇ। ਡੀ.ਯੂ.ਐੱਸ.ਯੂ. ਦਿੱਲੀ ਯੂਨੀਵਰਸਿਟੀ ਦੇ ਜ਼ਿਆਦਾਤਰ ਕਾਲਜਾਂ ਅਤੇ ਫੈਕਲਟੀ ਲਈ ਮੁੱਖ ਪ੍ਰਤੀਨਿਧੀ ਸੰਸਥਾ ਹੈ। ਹਰ ਕਾਲਜ ਦੀ ਅਪਣੀ ਵਿਦਿਆਰਥੀ ਯੂਨੀਅਨ ਵੀ ਹੁੰਦੀ ਹੈ, ਜਿਸ ਲਈ ਹਰ ਸਾਲ ਚੋਣਾਂ ਹੁੰਦੀਆਂ ਹਨ।