ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਐਲਾਨ, 'ਨਹੀਂ ਲੜਾਂਗੀ ਲੋਕ ਸਭਾ ਚੋਣ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਮੇਰੀ ਜਿੱਤ ਨਾਲੋਂ ਸਪਾ-ਬਸਪਾ ਗਠਜੋੜ ਦੀ ਜਿੱਤ ਵੱਧ ਜ਼ਰੂਰੀ

Mayawati

ਲਖਨਉ : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਜਿੱਤ ਤੋਂ ਵੱਧ ਜ਼ਰੂਰੀ ਸਪਾ-ਬਸਪਾ ਗਠਜੋੜ ਦੀ ਵੱਧ ਤੋਂ ਵੱਧ ਸੀਟਾਂ 'ਤੇ ਜਿੱਤ ਜ਼ਰੂਰੀ ਹੈ। ਮਾਇਆਵਤੀ ਦਾ ਇਹ ਐਲਾਨ ਕਾਫ਼ੀ ਅਹਿਮ ਹੈ, ਕਿਉਂਕਿ ਉੱਤਰ ਪ੍ਰਦੇਸ਼ 'ਚ ਸਪਾ-ਬਸਪਾ ਦਾ ਗਠਜੋੜ ਹੈ ਅਤੇ ਇਹ ਗਠਜੋੜ ਕਈ ਸੂਬਿਆਂ 'ਚ ਇਕੱਠੇ ਚੋਣਾਂ ਲੜ ਰਿਹਾ ਹੈ।

ਮਾਇਆਵਤੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਥਾਂ ਤੋਂ ਚੋਣ ਜਿੱਤ ਸਕਦੀ ਹੈ। ਉਨ੍ਹਾਂ ਨੇ ਸਿਰਫ਼ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨੇ ਹਨ ਅਤੇ ਬਾਕੀ ਕੰਮ ਪਾਰਟੀ ਕਾਰਕੁਨ ਸੰਭਾਲ ਲੈਣਗੇ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਵਿਅਕਤੀਗਤ ਜਿੱਤ ਓਨੀ ਅਹਿਮੀਅਤ ਨਹੀਂ ਰੱਖਦੀ, ਜਿੰਨੀ ਸਪਾ-ਬਸਪਾ-ਰਾਲੋਦ ਗਠਜੋੜ ਦਾ ਵੱਧ ਤੋਂ ਵੱਧ ਸੀਟਾਂ 'ਤੇ ਚੋਣ ਜਿੱਤਣਾ। ਉਨ੍ਹਾਂ ਕਿਹਾ, "ਸਪਾ-ਰਾਲੋਦ ਨਾਲ ਸਾਡਾ ਮਜ਼ਬੂਤ ਗਠਜੋੜ ਹੈ ਅਤੇ ਅਸੀ ਭਾਜਪਾ ਨੂੰ ਜ਼ਰੂਰ ਹਰਾਵਾਂਗੇ।"

ਚੋਣ ਨਾ ਲੜਨ ਦਾ ਐਲਾਨ ਕਰਦਿਆਂ ਮਾਇਆਵਤੀ ਨੇ ਕਿਹਾ, "ਮੈਂ ਇਸ ਬਾਰੇ ਸੋਚ-ਵਿਚਾਰ ਕੇ ਫ਼ੈਸਲਾ ਕੀਤਾ ਹੈ। ਮੇਰੀ ਪਾਰਟੀ ਇਸ ਫ਼ੈਸਲੇ ਨੂੰ ਸਮਝੇਗੀ। ਮੈਂ ਜੇ ਚਾਹਾਂ ਤਾਂ ਬਾਅਦ 'ਚ ਚੋਣ ਲੜ ਸਕਦੀ ਹਾਂ।"

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ 80 ਲੋਕ ਸਭਾ ਸੀਟਾਂ 'ਚੋਂ ਬਸਪਾ 38 ਅਤੇ ਸਪਾ 37 ਸੀਟਾਂ 'ਤੇ ਚੋਣ ਲੜੇਗੀ। ਅਜੀਤ ਸਿੰਘ ਦੀ ਰਾਲੋਦ ਨੂੰ 3 ਸੀਟਾਂ ਦਿੱਤੀਆਂ ਹਨ, ਜਦਕਿ ਗਠਜੋੜ ਨੇ ਦੋ ਸੀਟਾਂ ਰਾਏ ਬਰੇਲੀ ਅਤੇ ਅਮੇਠੀ ਤੋਂ ਉਮੀਦਵਾਰ ਮੈਦਾਨ 'ਚ ਨਾ ਉਤਾਰਨ ਦਾ ਫ਼ੈਸਲਾ ਕੀਤਾ ਹੈ।