ਮਾਸਾਹਾਰੀ ਹੋਈਆਂ ਗੋਆ ਦੀਆਂ ਆਵਾਰਾ ਗਊਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿੰਦਾ ਮੁਰਗੀਆਂ ਨੂੰ ਫੜ ਕੇ ਖਾ ਰਹੀਆਂ ਨੇ ਗਾਵਾਂ

Non veg cow goa

ਗੋਆ: ਤੁਸੀਂ ਦੇਸ਼ ਵਿਚ ਗਊ ਮਾਸ ਖਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਤਾਂ ਅਕਸਰ ਹੀ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਮਾਸ ਖਾਣ ਵਾਲੀਆਂ ਗਊਆਂ ਬਾਰੇ ਸੁਣਿਆ ਹੈ ਜੋ ਘਾਹ ਫੂਸ ਖਾਣ ਦੇ ਨਾਲ-ਨਾਲ ਚਿਕਨ ਅਤੇ ਫਰਾਈ ਫਿਸ਼ ਵੀ ਖਾਂਦੀਆਂ ਹੋਣ। ਸ਼ਾਇਦ ਤੁਸੀਂ ਅਜਿਹਾ ਕਦੇ ਨਹੀਂ ਸੁਣਿਆ ਹੋਵੇਗਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੋਆ ਦੀਆਂ ਗਊਆਂ ਨੂੰ ਹੁਣ ਘਾਹ ਦੀ ਬਜਾਏ ਮਾਸ ਜ਼ਿਆਦਾ ਪਸੰਦ ਆਉਣ ਲੱਗਿਆ ਹੈ।

ਦਰਅਸਲ ਗੋਆ ’ਚ 76 ਅਵਾਰਾ ਗਊਆਂ ਦੇ ਝੁੰਡ ’ਤੇ ਇੱਕ ਅਧਿਐਨ ਦੌਰਾਨ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ਜਿਸ ਵਿਚ ਪਤਾ ਚੱਲਿਆ ਕਿ ਗਊ ਵਰਗਾ ਸ਼ਾਕਾਹਾਰੀ ਪਸ਼ੂ ਵੀ ਭੋਜਨ ਦੀ ਉਪਲਬਧਤਾ ਮੁਤਾਬਕ ਆਪਣੇ ਖਾਣ ਦੀਆਂ ਆਦਤਾਂ ਵਿਚ ਤਬਦੀਲੀ ਕਰ ਸਕਦੈ। ਗਊਆਂ ਦੇ ਮਾਸਾਹਾਰੀ ਹੋਣ ਦਾ ਇਹ ਵਰਤਾਰਾ ਗੋਆ ਦੇ ਬਹੁਤ ਹੀ ਹਰਮਨ ਪਿਆਰੇ ਸੈਲਾਨੀ ਕੇਂਦਰ ਕੈਲੰਗੂਟ ਵਿਚ ਵਾਪਰਿਆ, ਜਿੱਥੋਂ ਹੁਣ ਇਨ੍ਹਾਂ ਗਊਆਂ ਨੂੰ ਮੁੜ ਵਸੇਬੇ ਅਤੇ ਇਲਾਜ ਲਈ ਲਿਆਂਦਾ ਗਿਆ ਹੈ।

ਗੋਆ ਦੇ ਮੰਤਰੀ ਮਾਈਕਲ ਲੋਬੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਇਲਾਕੇ ਵਿਚ ਇਹ ਅਵਾਰਾ ਗਊਆਂ ਘੁੰਮਦੀਆਂ ਸਨ। ਉੱਥੇ ਬਹੁਤ ਜ਼ਿਆਦਾ ਰੈਸਟੋਰੈਂਟ ਤੇ ਹੋਟਲ ਮੌਜੂਦ ਹਨ ਜਿੱਥੇ ਚਿਕਨ, ਬਾਸੀ ਤਲ਼ੀਆਂ ਹੋਈਆਂ ਮੱਛੀਆਂ ਤੇ ਹੋਰ ਜਾਨਵਰਾਂ ਦਾ ਮਾਸ ਅਕਸਰ ਸੜਕਾਂ ’ਤੇ ਪਿਆ ਮਿਲ਼ ਹੀ ਜਾਂਦੇ ਹਨ। ਜਿਸ ਕਾਰਨ ਇਨ੍ਹਾਂ ਗਊਆਂ ਵਿਚ ਮਾਸ ਖਾਣ ਦੀ ਆਦਤ ਵਿਕਸਤ ਹੋ ਗਈ।

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਅਵਾਰਾ ਗਊਆਂ ਨੂੰ ਗੋਆ ਦੀ ਇਕ ਮਾਨਤਾ ਪ੍ਰਾਪਤ ਗਊਸ਼ਾਲਾ ’ਚ ਲਿਜਾ ਕੇ ਰੱਖਿਆ ਗਿਆ, ਤਾਂ ਇਨ੍ਹਾਂ ਗਊਆਂ ਨੇ ਆਮ ਸ਼ਾਕਾਹਾਰੀ ਚਾਰਾ ਤੇ ਹੋਰ ਭੋਜਨ ਖਾਣ ਤੋਂ ਸਿਰ ਹਿਲਾ ਦਿੱਤਾ ਹੈ। ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵੇਖਿਆ ਕਿ ਉਹ ਗਊਆਂ ਮਾਸ ਚਾਹੁੰਦੀਆਂ ਸਨ। ਹੁਣ ਗੋਆ ਸਰਕਾਰ ਨੇ ਗਊਆਂ ਨੂੰ ਸ਼ਾਕਾਹਾਰੀ ਬਣਾਉਣ ਲਈ ਮਾਹਿਰਾਂ ਦੀ ਮਦਦ ਲਈ ਮਾਹਿਰਾਂ ਨੇ ਜਦੋਂ ਗਊਆਂ ਬਾਰੇ ਪੂਰੀ ਜਾਣਕਾਰੀ ਲੈਣ ਲਈ ਰਾਤ ਨੂੰ ਪਹਿਰੇ ਲਗਾ ਕੇ ਇਨ੍ਹਾਂ ’ਤੇ ਨਜ਼ਰ ਰੱਖੀ ਤਾਂ ਮਾਹਿਰ ਖੌਫ਼ਨਾਕ ਮੰਜ਼ਰ ਦੇਖ ਕੇ ਹੈਰਾਨ ਰਹਿ ਗਏ।

ਉਨ੍ਹਾਂ ਵੇਖਿਆ ਕਿ ਉਹ ਗਊਆਂ ਜਿਊਂਦੀਆਂ ਮੁਰਗੀਆਂ ਤੇ ਚਿਕਨ ਵੀ ਫੜ ਫੜ ਕੇ ਖਾ ਰਹੀਆਂ ਸਨ। ਕੁੱਝ ਸਮਾਂ ਪਹਿਲਾਂ ਗਊ ਵੱਲੋਂ ਮੁਰਗੀ ਨੂੰ ਖਾਣ ਦੀ ਇਕ ਵੀਡੀਓ ਵੀ ਵਾਇਰਲ ਹੋਈ ਸੀ। ਵੈਟਰਨਰੀ ਡਾਕਟਰਾਂ ਦਾ ਕਹਿਣੈ ਕਿ ਗਊਆਂ ਦੇ ਸਰੀਰ ਵਿਚ ਅਹਿਮ ਖਣਿਜ ਪਦਾਰਥਾਂ ਦੀ ਘਾਟ ਕਾਰਨ ਉਨ੍ਹਾਂ ਵਿਚ ਅਜਿਹੀ ਤਬਦੀਲੀ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਗਊਆਂ ਪੂਰੀ ਤਰ੍ਹਾਂ ਸ਼ਾਕਾਹਾਰੀ ਨਹੀਂ ਹੁੰਦੀਆਂ ਕਿਉਂਕਿ ਜਦੋਂ ਉਹ ਘਾਹ ਖਾਂਦੀਆਂ ਹਨ ਤਾਂ ਉਹ ਘਾਹ ਦੇ ਨਾਲ-ਨਾਲ ਕੀੜੇ ਮਕੌੜੇ ਵੀ ਖਾਂਦੀਆਂ ਹਨ। ਫਿਲਹਾਲ ਗੋਆ ਸਰਕਾਰ ਹੁਣ ਇਸ ਕੋਸ਼ਿਸ਼ ਵਿਚ ਲੱਗੀ ਹੋਈ ਹੈ ਕਿ ਇਨ੍ਹਾਂ ਗਊਆਂ ਦੀ ਆਦਤ ਸੁਧਾਰੀ ਜਾਵੇ ਤਾਂ ਜੋ ਇਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਸਹੀ ਪੈਦਾ ਹੋ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।