ਖ਼ੁਸ਼ਖ਼ਬਰੀ : ਹੁਣ ਕਵਾਡ੍ਰਿਸਾਈਕਲ ਦਿਵਾਏਗਾ ਪ੍ਰਦੂਸ਼ਣ ਤੇ ਪਾਰਕਿੰਗ ਦੀ ਸਮੱਸਿਆ ਤੋਂ ਨਿਜ਼ਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਹਰਾਂ ਦਾ ਕਹਿਣਾ ਹੈ ਕਿ ਕਵਾਡ੍ਰਿਸਾਈਕਲ ਯੂਰਪੀ ਦੇਸ਼ਾਂ ਵਿਚ ਪ੍ਰਦੂਸ਼ਣ ਨੂੰ ਕਾਬੂ ਕਰਨ ਵਿਚ ਕਾਮਯਾਬ ਹੋਏ ਹਨ।

Quadricycles

ਨਵੀਂ ਦਿੱਲੀ,  ( ਭਾਸ਼ਾ ) : ਪ੍ਰਦੂਸ਼ਣ ਅਤੇ ਪਾਰਕਿੰਗ ਦੀ ਵੱਧ ਰਹੀ ਸਮੱਸ਼ਿਆ ਤੋਂ ਨਿਜਾਤ ਪਾਉਣ ਲਈ ਕੇਂਦਰ ਸਰਕਾਰ ਵੱਲੋਂ ਕਵਾਡ੍ਰਿਸਾਈਕਲਜ਼ ਨੂੰ ਪ੍ਰਵਾਨਗੀ ਦੇ ਦਿਤੀ ਗਈ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਵਾਹਨ ਨੂੰ ਨਿਜੀ ਵਾਹਨ ਦੇ ਤੌਰ ਤੇ ਵਰਤੇ ਜਾਣ ਲਈ ਸੂਚਨਾ ਜਾਰੀ ਕੀਤੀ ਹੈ। ਹੁਣ ਤੱਕ ਦੇਸ਼ ਵਿਚ ਇਸ ਨੂੰ ਤਿਆਰ ਕੀਤਾ ਜਾ ਰਿਹਾ ਸੀ, ਪਰ ਨਾਗਰਿਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ। ਕਵਾਡ੍ਰਿਸਾਇਕਲ ਚਾਰ ਪਹੀਆਂ ਵਾਲਾ ਅਜਿਹਾ ਵਾਹਨ ਹੈ ਜਿਸ ਵਿਚ ਕਾਰ ਦੀ ਬਜਾਇ ਤਿੰਨ ਪਹੀਆ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

ਕੇਂਦਰੀ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਦੇਸ਼ ਦੀਆਂ ਸੜਕਾਂ ਤੇ ਕਵਾਡ੍ਰਿਸਾਈਕਲਜ਼ ਨੂੰ ਨਾਗਰਿਕਾਂ ਵੱਲੋ ਨਿਜੀ ਤੌਰ ਤੇ ਵਰਤੇ ਜਾਣ ਦੀ ਪ੍ਰਵਾਨਗੀ ਦਿਤੀ ਗਈ ਹੈ। ਸਰਕਾਰ ਨੇ ਮੋਟਰ ਵਾਹਨ ਐਕਟ 1988 ਦੀ ਧਾਰਾ 41 ਦੀ ਉਪ-ਧਾਰਾ 4 ਅਧੀਨ ਪ੍ਰਦਾਨ ਕੀਤੀਆਂ ਸ਼ਕਤੀਆਂ ਅਧੀਨ ਇਸ ਵਾਹਨ ਦੀ ਵਰਤੋਂ ਦੀ ਆਗਿਆ ਦਿਤੀ ਹੈ। ਹਾਦਸਿਆਂ ਤੋਂ ਸੁਰੱਖਿਆਂ ਨੂੰ ਮੁਖ ਰੱਖਦੇ ਹੋਏ ਇਸ ਦੀ ਨਿਜੀ ਵਰਤੋਂ ਨੂੰ ਆਗਿਆ ਨਹੀਂ ਦੇਣ ਨੂੰ ਲੈ ਕੇ ਚਾਰ ਪਹੀਆ ਵਾਹਨ ਬਣਾਉਣ ਵਾਲਿਆਂ ਨੇ ਕਵਾਡ੍ਰਿਸਾਇਕਲ ਵਿਰੁਧ ਸੁਪਰੀਮ ਕੋਰਟ ਵਿਚ 2012 ਨੂੰ ਪਟੀਸ਼ਨ ਦਾਖਲ ਕੀਤੀ ਸੀ।

ਇਸ ਤੋਂ ਬਾਅਦ ਕਵਾਡ੍ਰਿਸਾਇਕਲ ਬਣਾਉਣ ਵਾਲੀ ਕੰਪਨੀ ਬਜਾਜ ਨੇ 16 ਦੇਸ਼ਾਂ ਵਿਚ ਇਸ ਦਾ ਨਿਰਯਾਤ ਸ਼ੁਰੂ ਕੀਤਾ ਅਤੇ ਜੂਨ ਵਿਚ ਸਰਕਾਰ ਨੇ ਇਸ ਦੇ ਲਈ ਮੋਟਰ ਵਾਹਨ ਐਕਟ ਵਿਚ ਸੋਧ ਕੀਤੀ, ਜਿਸ ਨੂੰ ਸੁਪਰੀਮ ਕੋਰਟ ਨੇ ਪ੍ਰਵਾਨਗੀ ਦੇ ਦਿਤੀ। ਮਾਹਰਾਂ ਦਾ ਕਹਿਣਾ ਹੈ ਕਿ ਕਵਾਡ੍ਰਿਸਾਈਕਲ ਯੂਰਪੀ ਦੇਸ਼ਾਂ ਵਿਚ ਪ੍ਰਦੂਸ਼ਣ ਨੂੰ ਕਾਬੂ ਕਰਨ ਵਿਚ ਕਾਮਯਾਬ ਹੋਏ ਹਨ। ਕਵਾਡ੍ਰਿਸਾਈਕਲ ਦੀ ਵੱਧ ਤੋਂ ਵੱਧ ਗਤੀ 70 ਕਿਲੋਮੀਟਰ ਪ੍ਰਤੀ ਘੰਟਾ ਹੈ

ਅਤੇ ਦੂਜੀਆਂ ਗੱਡੀਆਂ ਦੇ ਮੁਕਾਬਲੇ ਇਸ ਦਾ ਪ੍ਰਦੂਸ਼ਣ ਨਾ ਦੇ ਬਰਾਬਰ ਹੈ। ਇਸ ਦਾ ਭਾਰ ਵੀ ਸਿਰਫ 450 ਕਿਲੋਗ੍ਰਾਮ ਹੈ ਜਦਕਿ ਇਸ ਦਾ ਮਾਈਲਜ 36 ਕਿਲੋਮੀਟਰ ਪ੍ਰਤੀ ਲੀਟਰ ਹੈ। ਮੌਜੂਦਾ ਸਮੇਂ ਵਿਚ ਸਿਰਫ ਬਜਾਜ ਹੀ ਇਸ ਨੂੰ ਤਿਆਰ ਕਰ ਰਹੀ ਹੈ ਪਰ ਸਰਕਾਰ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਵਿਦੇਸ਼ੀ ਅਤੇ ਹੋਰ ਦੇਸੀ ਕੰਪਨੀਆਂ ਇਸ ਦੇ  ਨਿਰਮਾਣ ਕਰਨ ਦੀ ਸ਼ੁਰੂਆਤ ਕਰ ਸਕਦੀਆਂ ਹਨ।