'ਹਿੰਗਲਿਸ਼' 'ਚ ਕਰਵਾਈ ਜਾਵੇਗੀ ਐਮ.ਬੀ.ਬੀ.ਐਸ. ਦੀ ਪੜ੍ਹਾਈ, ਇਸ ਕਾਲਜ 'ਚ ਹੋਈ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਰਕਾਰ ਨੇ ਤਕਰੀਬਨ ਇੱਕ ਮਹੀਨਾ ਪਹਿਲਾਂ ਦਿੱਤੀ ਸੀ ਮਨਜ਼ੂਰੀ

Image

 

ਮੇਰਠ - ਉੱਤਰ ਪ੍ਰਦੇਸ਼ ਵਿੱਚ ਪਹਿਲੀ ਵਾਰ, ਮੇਰਠ ਦੇ ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਨੇ ਐਮ.ਬੀ.ਬੀ.ਐਸ. ਦੇ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਕਲਾਸਾਂ 'ਚ ਲੈਕਚਰ ਹਿੰਦੀ ਅਤੇ ਅੰਗਰੇਜ਼ੀ ਦੇ ਸੁਮੇਲ ਵਿੱਚ 'ਹਿੰਗਲਿਸ਼' ਵਿੱਚ ਦੇਣੇ ਸ਼ੁਰੂ ਕਰ ਦਿੱਤੇ ਹਨ।  

ਇਸ ਵਿਧੀ ਵਿੱਚ, ਮੈਡੀਕਲ ਸ਼ਬਦਾਵਲੀ ਅੰਗਰੇਜ਼ੀ 'ਚ ਵਰਤੀ ਜਾਂਦੀ ਹੈ, ਜਦ ਕਿ ਨਿਰਦੇਸ਼ ਹਿੰਦੀ ਵਿੱਚ ਦਿੱਤੇ ਜਾਂਦੇ ਹਨ। ਕਾਲਜ ਦੇ ਪ੍ਰਿੰਸੀਪਲ, ਪ੍ਰੋਫ਼ੈਸਰ ਆਰ.ਸੀ. ਗੁਪਤਾ ਨੇ ਇਸ ਬਾਰੇ ਦੱਸਦਿਆਂ ਕਿਹਾ, "ਅਸੀਂ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਦੋਭਾਸ਼ੀ ਮਾਧਿਅਮ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਦੀ ਸ਼ੁਰੂਆਤ ਸਾਡੇ ਸੂਬੇ ਤੋਂ ਹੋਈ ਹੈ। ਰਾਜ ਸਰਕਾਰ ਨੇ ਤਕਰੀਬਨ ਇੱਕ ਮਹੀਨਾ ਪਹਿਲਾਂ ਇਸ ਲਈ ਮਨਜ਼ੂਰੀ ਦੇ ਦਿੱਤੀ ਸੀ।"

ਕਾਲਜ ਦੇ ਐਂਡੋਕਰੀਨੋਲੋਜੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਪੰਕਜ ਅਗਰਵਾਲ ਨੇ ਕਿਹਾ, "ਨਵੀਂ ਸਿੱਖਿਆ ਨੀਤੀ ਮਾਤ-ਭਾਸ਼ਾ ਵਿੱਚ ਸਿੱਖਿਆ 'ਤੇ ਜ਼ੋਰ ਦਿੰਦੀ ਹੈ, ਅਸੀਂ ਐਮ.ਬੀ.ਬੀ.ਐਸ. ਪਾਠਕ੍ਰਮ ਦੇ ਵੱਖ-ਵੱਖ ਵਿਸ਼ਿਆਂ ਲਈ ਹਿੰਦੀ ਵਿੱਚ ਸਮੱਗਰੀ ਤਿਆਰ ਕੀਤੀ ਹੈ। ਇਸ ਨੂੰ ਕਿਤਾਬਾਂ ਵਿੱਚ ਵੀ ਦਰਜ ਕੀਤਾ ਜਾ ਰਿਹਾ ਹੈ।"

2017 ਵਿੱਚ 'ਹਿੰਦੀ ਵਿੱਚ ਮੈਡੀਕਲ ਸੰਕਲਪ' ਮੁਹਿੰਮ ਪੰਕਜ ਅਗਰਵਾਲ ਨੇ ਹੀ ਸ਼ੁਰੂ ਕੀਤੀ ਸੀ, ਅਤੇ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਐਮ.ਬੀ.ਬੀ.ਐਸ. ਕੋਰਸ ਦੇ ਵੱਖ-ਵੱਖ ਵਿਸ਼ਿਆਂ ਦੀ ਅਧਿਐਨ ਸਮੱਗਰੀ ਤਿਆਰ ਕੀਤੀ ਹੈ। ਇਸ ਬਾਰੇ ਇੱਕ ਵੈਬਸਾਈਟ ਤੇ ਐਪ ਵੀ ਬਣਾਈ ਗਈ ਹੈ, ਜਿੱਥੇ ਇਹ ਸਮੱਗਰੀ ਮੁਫ਼ਤ 'ਚ ਉਪਲਬਧ ਹੈ। ਇਸ ਸਮੱਗਰੀ 'ਚ 300 ਵੀਡੀਓਜ਼ ਅਤੇ ਲਗਭਗ 1,000 ਲੇਖ ਹਨ।"

ਸਾਹਮਣੇ ਆਏ ਇਸ ਡਰ ਨੂੰ ਦੂਰ ਕਰਦੇ ਹੋਏ ਕਿ ਹਿੰਦੀ ਵਿੱਚ ਪੜ੍ਹਾਉਣ ਨਾਲ ਅੰਗਰੇਜ਼ੀ ਦੀ ਮਹੱਤਤਾ ਘੱਟ ਜਾਵੇਗੀ, ਉਨ੍ਹਾਂ ਅੱਗੇ ਕਿਹਾ, "ਸਮੱਗਰੀ ਦੀ ਖ਼ੂਬਸੂਰਤੀ ਇਹ ਹੈ ਕਿ ਡਾਕਟਰੀ ਸ਼ਬਦਾਵਲੀ ਹਿੰਦੀ ਵਿੱਚ ਲਿਖੀ ਗਈ ਹੈ। ਉਦਾਹਰਣ ਵਜੋਂ, ਥਾਇਰਾਇਡ ਗਲੈਂਡ ਨੂੰ ਹਿੰਦੀ ਵਿੱਚ ਲਿਖਿਆ ਗਿਆ ਹੈ, ਉਸ ਦਾ ਅਨੁਵਾਦ ਨਹੀਂ ਕੀਤਾ ਗਿਆ। ਸਾਡੀ ਕੋਸ਼ਿਸ਼ ਹੈ, ਕਿ ਮੈਡੀਕਲ ਸਾਇੰਸ ਦੀ ਪੜ੍ਹਾਈ ਅਤੇ ਮੈਡੀਕਲ ਸਾਇੰਸ ਦੇ ਸਾਰੇ ਵਿਸ਼ਿਆਂ ਦੀ ਸਮਾਨੰਤਰ ਸਮੱਗਰੀ ਵਿਕਸਿਤ ਕੀਤੀ ਜਾਵੇ, ਤਾਂ ਜੋ ਹਿੰਦੀ ਮਾਧਿਅਮ ਦੇ ਵਿਦਿਆਰਥੀ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਅੰਗਰੇਜ਼ੀ ਬੋਲਣ ਵਾਲੇ ਸਹਿਪਾਠੀਆਂ ਤੋਂ ਪਿੱਛੇ ਨਾ ਰਹਿ ਸਕਣ।"

ਕਾਲਜ ਵਿੱਚ ਯੂਰੋਲੋਜੀ ਦੇ ਪ੍ਰੋਫ਼ੈਸਰ ਸੁਧੀਰ ਰਾਠੀ ਨੇ ਕਿਹਾ, "ਅਸੀਂ ਪਹਿਲਾਂ ਅੰਗਰੇਜ਼ੀ ਵਿੱਚ ਲੈਕਚਰ ਦਿੰਦੇ ਸੀ। ਹੁਣ ਐਮ.ਬੀ.ਬੀ.ਐਸ. ਦੇ ਨਵੇਂ ਬੈਚ ਦੇ ਵਿਦਿਆਰਥੀਆਂ ਲਈ 'ਹਿੰਗਲਿਸ਼' ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਸ਼ੇ ਹਿੰਦੀ ਵਿੱਚ ਪੜ੍ਹਾਏ ਜਾਣਗੇ। ਮੈਡੀਕਲ ਟਰਮਿਨੌਲੋਜੀ ਅੰਗਰੇਜ਼ੀ ਵਿੱਚ ਹੀ ਰਹੇਗੀ।"