ਅਗਨੀ-4 ਮਿਜ਼ਾਈਲ ਦਾ ਸਫਲ ਪ੍ਰਯੋਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੀ ਅਤਿ ਆਧੁਨਿਕ ਵਿਸ਼ੇਸ਼ਤਾ ਉਡਾਨ ਦੌਰਾਨ ਆਉਣ ਵਾਲੀਆਂ ਖਾਮੀਆਂ ਨੂੰ ਅਪਣੇ ਆਪ ਠੀਕ ਕਰਨਾ ਅਤੇ ਨਿਰਦੇਸ਼ਨ ਕਰਨਾ ਹੈ।

Agni-IV

ਬਾਲਾਸੌਰ, ( ਭਾਸ਼ਾ) : ਓਡੀਸ਼ਾ ਤੱਟ ਦੇ ਡਾ.ਏਪੀਜੇ ਅਬਦੁਲ ਕਲਾਮ ਟਾਪੂ ਵਿਖੇ ਸਥਿਤ ਆਈਟੀਆਰ ਤੋਂ ਅਗਨੀ-4 ਦਾ ਸਫਲ ਪ੍ਰਯੋਗ ਕੀਤਾ ਗਿਆ। ਇਹ ਮਿਜ਼ਾਈਲ 20 ਮੀਟਰ ਲੰਮੀ, ਡੇਢ ਮੀਟਰ ਚੌੜੀ ਅਤੇ 17 ਟਨ ਭਾਰ ਵਾਲੀ ਹੈ। ਇਹ ਮਿਜ਼ਾਈਲ ਇਕ ਹਜ਼ਾਰ ਕਿਲੋਗ੍ਰਾਮ ਵਿਸਫੋਟਕ ਲਿਜਾਣ ਦੀ ਸਮਰਥਾ ਰੱਖਦੀ ਹੈ। ਇਹ ਮਿਜ਼ਾਈਲ 3500 ਤੋਂ 4000 ਕਿਮੀ ਦੂਰੀ ਤੱਕ ਮਾਰ ਕਰ ਸਕਦੀ ਹੈ।

ਭਾਰਤ ਵਿਚ ਤਿਆਰ ਕੀਤੀ ਗਈ ਇਹ ਮਿਜ਼ਾਈਲ ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਦੀ ਹੈ। ਇਸ ਮਿਜ਼ਾਈਲ ਦਾ ਪਹਿਲਾ ਪ੍ਰਯੋਗ 11 ਦਸੰਬਰ 2010 ਨੂੰ ਕੀਤਾ ਗਿਆ ਸੀ। ਪਹਿਲਾਂ ਇਸ ਮਿਜ਼ਾਈਲ ਨੂੰ ਅਗਨੀ-2 ਪ੍ਰਾਈਮ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਰ ਹੁਣ ਇਸ ਦਾ ਨਾਮ ਅਗਨੀ-4 ਹੈ। ਪ੍ਰਯੋਗ ਦੌਰਾਨ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਅਤੇ ਅੰਤਰਿਮ ਜਾਂਚ ਕੌਂਸਲ ਨਾਲ ਜੁੜੇ ਕਈ ਵਿਗਿਆਨੀਆਂ ਅਤੇ ਅਧਿਕਾਰੀਆਂ ਦਾ ਦਲ ਮੌਕੇ 'ਤੇ ਮੌਜੂਦ ਸੀ। ਤਹਿ ਤੋਂ ਤਹਿ 'ਤੇ ਮਾਰ ਕਰਨ ਵਿਚ ਸਮਰਥ ਅਗਨੀ-4 ਮਿਜ਼ਾਈਲ ਵਿਚ ਬਾਈਨਰੀ ਹਥਿਆਰ ਸਿਸਟਮ ਹੈ।

ਅਗਨੀ-4 ਮਿਜ਼ਾਈਲ ਵਿਚ ਪੰਜਵੀ ਪੀੜ੍ਹੀ ਦੇ ਕੰਪਿਊਟਰ ਲਗੇ ਹਨ। ਇਸ ਦੀ ਅਤਿ ਆਧੁਨਿਕ ਵਿਸ਼ੇਸ਼ਤਾ ਉਡਾਨ ਦੌਰਾਨ ਆਉਣ ਵਾਲੀਆਂ ਖਾਮੀਆਂ ਨੂੰ ਅਪਣੇ ਆਪ ਠੀਕ ਕਰਨਾ ਅਤੇ ਨਿਰਦੇਸ਼ਨ ਕਰਨਾ ਹੈ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਡੀਆਰਡੀਓ ਨੇ ਬਣਾਇਆ ਹੈ। ਸੂਤਰਾਂ ਮੁਤਾਬਕ ਇਸ ਸਾਲ ਦੇ ਅੰਤ ਤੱਕ ਹੋਰ ਮਿਜ਼ਾਈਲਾਂ ਦਾ ਪ੍ਰਯੋਗ ਕੀਤੇ ਜਾਣ ਦੀ ਸੰਭਾਵਨਾ ਹੈ।