ਪੀਐਮ ਮੋਦੀ ਕਿਸੇ ਵੀ ਹਾਲਤ ‘ਚ ਕਿਸਾਨੀ ਦਾ ਨੁਕਸਾਨ ਨਹੀਂ ਹੋਣ ਦੇਣਗੇ -ਰਾਜਨਾਥ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਦਿਵਸ ‘ਤੇ ਰਾਜਨਾਥ ਸਿੰਘ ਨੇ ਜਤਾਈ ਉਮੀਦ, ਜਲਦ ਅੰਦੋਲਨ ਵਾਪਸ ਲੈਣਗੇ ਕਿਸਾਨ

Rajnath Singh and PM Modi

ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ-ਹਰਿਆਣਾ ਸਮੇਤ ਕਈ ਸੂਬਿਆਂ ਦੇ ਕਿਸਾਨ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਸਾਨ ਦਿਵਸ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਯਾਦ ਕੀਤਾ। ਰੱਖਿਆ ਮੰਤਰੀ ਨੇ ਸਾਬਕਾ ਪੀਐਮ ਦੇ ਕਿਸਾਨੀ ਦੇ ਖੇਤਰ ਵਿਚ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਮੀਦ ਜਤਾਈ ਕਿ ਕਿਸਾਨ ਜਲਦ ਹੀ ਅਪਣਾ ਅੰਦੋਲਨ ਵਾਪਸ ਲੈਣਗੇ।

ਰਾਜਨਾਥ ਸਿੰਘ ਨੇ ਟਵੀਟ ਕੀਤਾ, ‘ਸਾਬਕਾ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸਭ ਤੋਂ ਸਤਿਕਾਰਤ ਕਿਸਾਨ ਨੇਤਾਵਾਂ ਵਿਚੋਂ ਮੋਹਰੀ ਚੌਧਰੀ ਚਰਨ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸਲਾਮ ਕਰਦਾ ਹਾਂ। ਚੌਧਰੀ ਸਾਹਬ ਉਮਰ ਭਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਆਵਾਜ਼ ਦਿੰਦੇ ਰਹੇ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ। ਦੇਸ਼ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗਾ’।

ਇਸ ਤੋਂ ਅੱਗੇ ਰੱਖਿਆ ਮੰਤਰੀ ਨੇ ਲਿਖਿਆ, ‘ਚੌਧਰੀ ਚਰਨ ਸਿੰਘ ਚਾਹੁੰਦੇ ਸਨ ਕਿ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧੇ, ਉਹਨਾਂ ਦੀਆਂ ਫਸਲਾਂ ਨੂੰ ਲਾਭਕਾਰੀ ਮੁੱਲ ਮਿਲੇ ਅਤੇ ਕਿਸਾਨਾਂ ਦਾ ਮਾਣ ਸਨਮਾਨ ਸੁਰੱਖਿਅਤ ਰਹੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਕਿਸਾਨਾਂ ਦੇ ਹਿੱਤ ਵਿਚ ਕਈ ਕਦਮ ਉਠਾ ਰਹੇ ਹਨ। ਉਹ ਕਿਸਾਨੀ ਨੂੰ ਕਿਸੇ ਵੀ ਹਾਲਤ ਵਿਚ ਨੁਕਸਾਨ ਨਹੀਂ ਹੋਣ ਦੇਣਗੇ।

ਰਾਜਨਾਥ ਸਿੰਘ ਨੇ ਅੱਗੇ ਕਿਹਾ, ‘ਅੱਜ ਕਿਸਾਨ ਦਿਵਸ ਮੌਕੇ ਮੈਂ ਦੇਸ਼ ਦੇ ਸਾਰੇ ਅੰਨਦਾਤਾਵਾਂ ਨੂੰ ਵਧਾਈ ਦਿੰਦਾ ਹਾਂ। ਉਹਨਾਂ ਨੇ ਦੇਸ਼ ਨੂੰ ਭੋਜਨ ਸੁਰੱਖਿਆ ਪ੍ਰਦਾਨ ਕੀਤੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਕਿਸਾਨ ਅੰਦੋਲਨ ਕਰ ਰਹੇ ਹਨ। ਸਰਕਾਰ ਉਹਨਾਂ ਨਾਲ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਗੱਲ ਕਰ ਰਹੀ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਜਲਦ ਹੀ ਅਪਣੇ ਅੰਦੋਲਨ ਵਾਪਸ ਲੈਣਗੇ’।

ਦੱਸ ਦਈਏ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਮੌਕੇ 23 ਦਸੰਬਰ ਨੂੰ ਕਿਸਾਨ ਦਿਵਸ ਮਨਾਇਆ ਜਾਂਦਾ ਹੈ।