ਨਾਕਾਬਿਲ ਮੰਤਰੀ ਸਮੱਸਿਆ ਨੂੰ ਸੁਲਝਾਉਣ 'ਚ ਹੋਏ ਫੇਲ੍ਹ, ਖੁਦ ਕਿਸਾਨਾਂ ਨਾਲ ਕਰਨ ਗੱਲਬਾਤ ਮੋਦੀ-ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਨਰਿੰਦਰ ਮੋਦੀ ਗੈਰ ਜ਼ਿੰਮੇਵਾਰ ਆਗੂ ਅਤੇ ਅਸੰਵੇਦਨਸ਼ੀਲ ਪ੍ਰਧਾਨ ਮੰਤਰੀ : ਹਰਪਾਲ ਸਿੰਘ ਚੀਮਾ

Harpal Singh Cheema

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਖੇਤੀ ਬਾਰੇ ਕਾਨੂੰਨਾਂ ਦੇ ਮਾਮਲੇ ਨੂੰ ਹੱਲ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਗੈਰਜ਼ਿੰਮੇਵਾਰ ਆਗੂ ਦੱਸਦਿਆਂ ਕਿਹਾ ਕਿ ਦੇਸ਼ 'ਚ ਹੋਰ ਕਈ ਮੁੱਦਿਆਂ ਤੋਂ ਧਿਆਨ ਭੜਕਾਉਣ ਦੇ ਇਰਾਦੇ ਨਾਲ ਕਿਸਾਨ ਅੰਦੋਲਨ ਨੂੰ ਲੰਬਾ ਖਿੱਚ ਰਹੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਵਿੱਚ ਵਧਦੀ ਦਿਨੋਂ ਮਹਿੰਗਾਈ, ਬੇਰੁਜ਼ਗਾਰੀ ਅਤੇ ਵਿਗੜ ਰਹੀ ਕਾਨੂੰਨ ਅਤੇ ਨਿਆਂ ਵਿਵਸਥਾਵਾਂ ਵਰਗੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਇਰਾਦੇ ਨਾਲ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ।

ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੇਠੈ ਹਨ ਉਦੋਂ ਤੋਂ ਹੀ ਲੋਕਾਂ ਦੇ ਮਸਲੇ ਹੱਲ ਕਰਨ ਦੇ ਬਜਾਏ ਧੋਖੇ ਨਾਲ ਲੋਕਾਂ ਦਾ ਧਿਆਨ ਭਟਕਾਉਂਦੇ ਰਹੇ ਹਨ। ਅੱਜ ਦੇਸ਼ ਦਾ ਕਿਸਾਨ ਉਨ੍ਹਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕਿਆ ਹੈ, ਹੁਣ ਉਸਦੀ ਇਸ ਨੀਤੀ ਨੂੰ ਸਫਲ ਨਹੀਂ ਹੋਣ ਦੇਣਗੇ।

ਚੀਮਾ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਹੀ ਦੇਸ਼ ਦੇ ਕਿਸਾਨ, ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ ਸਮੇਤ ਹਰ ਵਰਗ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਆਪਣੀ ਅੰਡਾਨੀ-ਅੰਬਾਨੀ ਦੇ ਵਿਚੋਲੀਏ ਦੀ ਤਰ੍ਹਾਂ ਭੂਮਿਕਾ ਨਿਭਾਉਣ ਵਾਲੀ ਨੀਤੀ ਨੂੰ ਛੱਡਕੇ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਹੋਏ ਆਪਣੀ ਜ਼ਿੱਦ ਛੱਡਣ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ।

ਦੇਸ਼ ਦੇ ਕਰੋੜਾਂ ਲੋਕਾਂ ਨੇ ਆਪਣੀ ਵੋਟ ਪਾ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ। ਹੁਣ ਜਦੋਂ ਦੇਸ਼ ਦੇ ਕਰੋੜਾਂ ਕਿਸਾਨ ਆਪਣੀ ਗੱਲ ਕਰਨ ਲਈ ਦਿੱਲੀ ਬਾਰਡਰ ਉੱਤੇ ਕੜਕੇ ਦੀ ਠੰਢ ਵਿੱਚ ਦਿਨ ਰਾਤ ਬੈਠਕੇ ਸੰਘਰਸ਼ ਕਰ ਰਹੇ ਹਨ ਤਾਂ ਮੋਦੀ ਨੂੰ ਕਿਸਾਨਾਂ ਨਾਲ ਗੱਲ ਕਰਦਿਆਂ ਕਿਸ ਗੱਲ ਦਾ ਡਰ ਲੱਗ ਰਿਹਾ ਹੈ।

ਮੋਦੀ ਵੱਲੋਂ ਗੱਲ ਨਾ ਕਰਨ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਕੰਟਰੋਲ ਅੰਡਾਨੀ-ਅੰਬਾਨੀ ਕੋਲ ਹੈ ਜਿਵੇਂ ਉਨ੍ਹਾਂ ਦਾ ਜੀਅ ਕਰਦਾ ਹੈ, ਉਵੇਂ ਆਪਣੀਆਂ ਊਂਗਲਾਂ ਉਤੇ ਨਚਾਉਂਦੇ ਹਨ।  ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਦੇਸ਼ ਦੇ ਅੰਨਦਾਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਾਨੂੰਨ ਰੱਦ ਕਰੇ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਦੇ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ ਹੁਣ ਤੱਕ ਉਹ ਨਖਿੱਧ ਸਾਬਤ ਹੋਏ ਹਨ, ਪ੍ਰਧਾਨ ਮੰਤਰੀ ਖੁਦ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨਦੇ ਹੋਏ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰਨ।