ਚੰਡੀਗੜ੍ਹ ਦਾ ਪ੍ਰਸਿੱਧ ਰੋਜ਼ ਫ਼ੈਸਟੀਵਲ - ਆਮ ਨਾਲੋਂ ਵੱਖਰਾ ਹੋਵੇਗਾ 2023 ਦਾ ਮੇਲਾ, ਤਰੀਕਾਂ ਦਾ ਐਲਾਨ
2.19 ਕਰੋੜ ਰੱਖਿਆ ਗਿਆ ਹੈ ਇਸ ਵਾਰ ਦਾ ਬਜਟ, ਪਿਛਲੇ ਸਾਲ ਸੀ 87 ਲੱਖ ਰੁਪਏ
ਚੰਡੀਗੜ੍ਹ - ਇੱਥੋਂ ਦੇ ਸੈਕਟਰ 16 ਦੇ ਰੋਜ਼ ਗਾਰਡਨ ਵਿੱਚ 17 ਤੋਂ 19 ਫਰਵਰੀ ਤੱਕ ਚੱਲਣ ਵਾਲੇ ਰੋਜ਼ ਫ਼ੈਸਟੀਵਲ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਤੋਂ ਇਲਾਵਾ ਪਹਿਲੀ ਵਾਰ ਸੰਗੀਤਮਈ ਅਤੇ ਸਟੈਂਡ-ਅੱਪ ਕਾਮੇਡੀ ਨਾਈਟਸ ਦਾ ਆਯੋਜਨ ਕੀਤਾ ਜਾਵੇਗਾ।
ਹਰ ਸਾਲ ਮਨਾਏ ਜਾਂਦੇ ਰੋਜ਼ ਫ਼ੈਸਟੀਵਲ ਨੂੰ ਯੂ.ਟੀ. ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ, ਅਤੇ ਇਸ ਦੇ ਤਿੰਨੋਂ ਦਿਨ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ। ਹਾਲਾਂਕਿ, ਇਸ ਵਾਰ ਹੈਲੀਕਾਪਟਰ ਸਵਾਰੀ ਤੋਂ ਇਸ ਵਾਰ ਗ਼ੁਰੇਜ਼ ਕੀਤਾ ਗਿਆ ਹੈ।
ਮਿਉਨਿਸਿਪਲ ਕਾਰਪੋਰੇਸ਼ਨ ਹਾਊਸ ਨੇ ਲਾਈਟ ਐਂਡ ਸਾਊਂਡ ਸ਼ੋਅ ਲਈ 1 ਕਰੋੜ ਰੁਪਏ ਦੇ ਫ਼ੰਡ ਵਿਸ਼ੇਸ਼ ਤੌਰ 'ਤੇ ਮਨਜ਼ੂਰ ਕੀਤੇ ਹਨ। ਮੇਲੇ ਲਈ ਕੁੱਲ ਅਨੁਮਾਨਿਤ ਰਾਸ਼ੀ ਵਜੋਂ 2.19 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਪਿਛਲੇ ਸਾਲ ਇਸ ਮੇਲੇ ਵਾਸਤੇ 87 ਲੱਖ ਰੁਪਏ ਦੇ ਖ਼ਰਚ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਬਜਟ ਵਿੱਚੋਂ ਸਾਰਾ ਪੈਸਾ ਖ਼ਰਚ ਨਹੀਂ ਕਰਨਗੇ। ਦਰਅਸਲ, ਕੇਂਦਰ ਨੇ ਕੁਝ ਫ਼ੰਡ ਮਨਜ਼ੂਰ ਕੀਤੇ ਹਨ, ਜਦਕਿ ਬਾਕੀ ਰਕਮ ਉਨ੍ਹਾਂ ਵਪਾਰੀਆਂ ਤੋਂ ਪ੍ਰਾਪਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਬਾਗ ਦੇ ਅੰਦਰ ਜਗ੍ਹਾ ਅਲਾਟ ਕੀਤੀ ਜਾਵੇਗੀ।
ਸੈਰ ਸਪਾਟਾ ਵਿਭਾਗ ਪਹਿਲਾਂ ਸੈਕਟਰ 10 ਦੀ ਲੀਜ਼ਰ ਵੈਲੀ ਵਿਖੇ ਸੰਗੀਤਕ ਰਾਤ ਦਾ ਆਯੋਜਨ ਕਰਦਾ ਸੀ। ਇਸ ਵਾਰ ਨਗਰ ਨਿਗਮ ਨੇ ਆਪਣਾ ਪ੍ਰਬੰਧ ਕੀਤਾ ਹੈ ਅਤੇ ਰੋਜ਼ ਗਾਰਡਨ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।
“ਇਸ ਵਾਰ, ਸਾਡੇ ਕੋਲ ਹੋਰ ਨਵੀਆਂ ਪੇਸ਼ਕਾਰੀਆਂ ਦੇ ਨਾਲ-ਨਾਲ, ਇੱਕ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ। ਲੋਕਾਂ ਦੇ ਮਨੋਰੰਜਨ ਲਈ ਇਸ ਨੂੰ ਆਮ ਨਾਲੋਂ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਾਂਗੇ" ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ।