ਮੰਦਰ 'ਚ ਪੂਜਾ ਕਰਨ ਗਈ ਲੜਕੀ ਨੂੰ ਪੁਜਾਰੀ ਦੇ ਬੇਟੇ ਨੇ ਬਣਾਇਆ ਹਵਸ ਦੀ ਸ਼ਿਕਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਦੇ ਦੋ-ਤਿੰਨ ਹੋਰ ਸਾਥੀਆਂ ਨੇ ਵੀ ਲੜਕੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

Representational Image

 

ਜੀਂਦ - ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਥਾਣਾ ਪਿੱਲੂਖੇੜਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਸਥਿਤ ਇੱਕ ਮੰਦਰ ਦੇ ਪੁਜਾਰੀ ਦੇ ਲੜਕੇ ਵੱਲੋਂ ਪੂਜਾ ਕਰਨ ਆਈ ਇੱਕ ਲੜਕੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਗਿਆ। ਦੋਸ਼ ਹੈ ਕਿ ਦੋ-ਤਿੰਨ ਹੋਰ ਨੌਜਵਾਨਾਂ ਨੇ ਵੀ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਪਿੱਲੂਖੇੜਾ ਥਾਣਾ ਪੁਲਿਸ ਨੇ ਨੌਜਵਾਨ ਨੂੰ ਨਾਮਜ਼ਦ ਕਰ ਕੇ ਦੋ-ਤਿੰਨ ਹੋਰਾਂ ਖ਼ਿਲਾਫ਼ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਪਿੰਡ ਦੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ 16 ਸਾਲਾ ਲੜਕੀ ਪਿੰਡ ਦੇ ਮੰਦਰ ਵਿੱਚ ਪੂਜਾ-ਪਾਠ ਕਰਨ ਜਾਂਦੀ ਸੀ, ਜਿੱਥੇ ਪੁਜਾਰੀ ਦੇ ਲੜਕੇ ਕੁਲਬੀਰ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਲੜਕੀ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਦੋ-ਤਿੰਨ ਹੋਰ ਨੌਜਵਾਨਾਂ ਨੇ ਵੀ ਉਸ ਦੀ ਬੇਟੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ।

ਕੁਲਬੀਰ ਅਤੇ ਹੋਰ ਨੌਜਵਾਨਾਂ ਦੀਆਂ ਹਰਕਤਾਂ ਤੋਂ ਦੁਖੀ ਲੜਕੀ ਨੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਪਿੱਲੂਖੇੜਾ ਥਾਣਾ ਇੰਚਾਰਜ ਹਰੀਓਮ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਨੌਜਵਾਨ ਨੂੰ ਨਾਮਜ਼ਦ ਕਰਕੇ ਦੋ-ਤਿੰਨ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।