ਅਮਰੀਕਾ ‘ਚ ਅਰੁਣ ਜੇਤਲੀ ਦਾ ਹੋਇਆ ਆਪਰੇਸ਼ਨ, ਡਾਕਟਰਾਂ ਨੇ ਦਿਤੀ 2 ਹਫ਼ਤੇ ਆਰਾਮ ਕਰਨ ਦੀ ਸਲਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਅਮਰੀਕਾ ਦੇ ਨਿਊਯਾਰਕ ਵਿਚ ਆਪਰੇਸ਼ਨ....

Arun Jaitley

ਨਵੀਂ ਦਿੱਲੀ : ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਮੰਗਲਵਾਰ ਨੂੰ ਅਮਰੀਕਾ ਦੇ ਨਿਊਯਾਰਕ ਵਿਚ ਆਪਰੇਸ਼ਨ ਹੋਇਆ ਹੈ। ਜਿਸ ਤੋਂ ਬਾਅਦ ਜੇਤਲੀ ਨੂੰ ਦੋ ਹਫ਼ਤੇ ਆਰਾਮ ਦੀ ਸਲਾਹ ਦਿਤੀ ਗਈ ਹੈ। ਉਦੋਂ ਤੱਕ ਲਈ ਅਰੁਣ ਜੇਤਲੀ ਤੋਂ ਵਿੱਤ ਮੰਤਰਾਲਾ ਦਾ ਜਿੰਮਾ ਲੈ ਲਿਆ ਗਿਆ ਹੈ ਅਤੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਾਰਜ ਦਿਤਾ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪੀਊਸ਼ ਗੋਇਲ ਹੀ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨਗੇ। 66 ਸਾਲ ਦੇ ਅਰੁਣ ਜੇਤਲੀ 13 ਜਨਵਰੀ ਨੂੰ ਅਮਰੀਕਾ ਗਏ ਸਨ।

ਸੂਤਰਾਂ ਨੇ ਕਿਹਾ ਕਿ ਇਸ ਹਫ਼ਤੇ ਹੀ ਉਨ੍ਹਾਂ ਦੀ ‘ਸਾਫਟ ਟਿਸ਼ਿਊ’ ਕੈਂਸਰ ਲਈ ਜਾਂਚ ਕੀਤੀ ਗਈ ਸੀ। ਹਾਲਾਂਕਿ ਇਸ ਦੌਰਾਨ ਵੀ ਜੇਤਲੀ ਸੋਸ਼ਲ ਮੀਡੀਆ ਉਤੇ ਸਰਗਰਮ ਰਹੇ। ਫੇਸਬੁਕ ਉਤੇ ਪੋਸਟ ਲਿਖਣ ਤੋਂ ਇਲਾਵਾ ਉਨ੍ਹਾਂ ਨੇ ਮੌਜੂਦਾ ਮੁੱਦਿਆਂ ਉਤੇ ਟਵੀਟ ਵੀ ਕੀਤੇ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 14 ਮਈ ਨੂੰ ਜੇਤਲੀ ਦਾ ਏਮਜ਼ ਵਿਚ ਗੁਰਦਾ ਟ੍ਰਾਂਸਪਲਾਂਟ ਹੋਇਆ ਸੀ, ਉਸ ਤੋਂ ਬਾਅਦ ਤੋਂ ਉਹ ਵਿਦੇਸ਼ ਨਹੀਂ ਗਏ ਸਨ।

ਇਸ ਮਹੀਨੇ ਅਰੁਣ ਜੇਤਲੀ ਨੂੰ ਲੋਕਸਭਾ ਚੋਣ ਲਈ ਭਾਜਪਾ ਦਾ ਪ੍ਰਚਾਰ ਪ੍ਰਮੁੱਖ ਬਣਾਇਆ ਗਿਆ ਸੀ। ਇਸ ਦੌਰਾਨ ਅਰੁਣ ਜੇਤਲੀ ਮੰਤਰੀ ਅਹੁਦੇ ਉਤੇ ਬਰਕਰਾਰ ਰਹਿਣਗੇ। ਪਰ ਉਨ੍ਹਾਂ ਦੇ ਕੋਲ ਕੋਈ ਪੋਰਟਫੋਲੀਓ ਨਹੀਂ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਅਰੁਣ ਜੇਤਲੀ ਹਸਪਤਾਲ ਵਿਚ ਭਰਤੀ ਸਨ, ਉਦੋਂ ਵੀ ਪੀਊਸ਼ ਗੋਇਲ ਨੇ ਹੀ ਵਿੱਤ ਮੰਤਰਾਲਾ ਦਾ ਕਾਰਜਭਾਰ ਸੰਭਾਲਿਆ ਸੀ।