ਰੇਲਵੇ 'ਚ 4 ਲੱਖ ਲੋਕਾਂ ਦੀ ਹੋਵੇਗੀ ਭਰਤੀ, ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੇ ਦੋ ਸਾਲਾਂ ਵਿਚ ਸੇਵਾਮੁਕਤੀ ਕਾਰਨ ਖਾਲੀ ਹੋਣ ਵਾਲੀਆਂ ਸੀਟਾਂ ਅਤੇ ਹੋਰਨਾਂ ਸੀਟਾਂ ਲਈ ਕੁਲ ਮਿਲਾ ਕੇ 4 ਲੱਖ ਲੋਕਾਂ ਨੂੰ ਨੌਕਰੀ ਦਾ ਮੌਕਾ ਦਿਤਾ ਜਾ ਰਿਹਾਹੈ।

piyush goyal

ਨਵੀਂ ਦਿੱਲੀ : ਰੇਲ ਮੰਤਰੀ ਪੀਊਸ਼ ਗੋਇਲ ਨੇ ਬੇਰੁਜ਼ਗਾਰਾਂ ਲਈ ਵੱਡਾ ਐਲਾਨ ਕੀਤਾ ਹੈ। ਪੀਊਸ਼ ਗੋਇਲ ਨੇ ਕਿਹਾ ਕਿ ਅਸੀਂ ਡੇਢ ਲੱਖ ਲੋਕਾਂ ਨੂੰ ਨੌਕਰੀ ਦੇਣ ਦਾ ਮੌਕਾ ਦਿਤਾ ਸੀ। ਅਗਲੇ ਦੋ ਸਾਲਾਂ ਵਿਚ ਸੇਵਾਮੁਕਤੀ ਕਾਰਨ ਖਾਲੀ ਹੋਣ ਵਾਲੀਆਂ ਸੀਟਾਂ ਅਤੇ ਹੋਰਨਾਂ ਸੀਟਾਂ ਲਈ ਕੁਲ ਮਿਲਾ ਕੇ 4 ਲੱਖ ਲੋਕਾਂ ਨੂੰ ਨੌਕਰੀ ਦਾ ਮੌਕਾ ਦਿਤਾ ਜਾ ਰਿਹਾਹੈ। ਉਹਨਾਂ ਕਿਹਾ ਕਿ ਰੇਲਵੇ ਵਿਚ 2 ਲੱਖ 30 ਹਜ਼ਾਰ ਹੋਰ ਭਰਤੀਆਂ ਕੱਢੀਆਂ ਜਾਣਗੀਆਂ।

ਰੇਲਵੇ ਵਿਚ ਅਜੇ ਇਕ ਲੱਖ 32 ਹਜ਼ਾਰ ਅਹੁਦੇ ਖਾਲੀ ਹਨ। ਦੋ ਸਾਲਾਂ ਵਿਚ 1 ਲੱਖ ਲੋਕ ਹੋਰ ਸੇਵਾਮੁਕਤ ਹੋਣ ਵਾਲੇ ਹਨ। ਇਸ ਲਈ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਪੁਰਾਣੀਆਂ ਭਰਤੀਆਂ ਅਤੇ ਅਤੇ ਇਸ ਵਾਰ ਜਿਹੜੀਆਂ ਭਰਤੀਆਂ ਰੇਲਵੇ ਕੱਢਣ ਵਾਲਾ ਹੈ, ਉਹਨਾਂ ਨੂੰ ਮਿਲਾ ਦਿਤਾ ਜਾਵੇ ਤਾਂ ਰੇਲਵੇ 2 ਸਾਲ ਵਿਚ ਲਗਭਗ 3 ਲੱਖ ਭਰਤੀਆਂ ਕਰੇਗਾ। 

ਦੱਸ ਦਈਏ ਕਿ 2 ਲੱਖ ਨਵੇਂ ਅਹੁਦਿਆਂ 'ਤੇ ਹੋਣ ਵਾਲੀਆਂ ਭਰਤੀਆਂ ਵਿਚ ਆਰਥਿਕ ਪੱਖ ਤੋਂ ਕਮਜ਼ੋਰ ਉਮੀਦਵਾਰਾਂ ਨੂੰ 10 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ। ਕੁਲ 23 ਹਜ਼ਾਰ ਅਹੁਦੇ ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਲਈ ਹੋਣਗੇ। ਇਹ ਭਰਤੀ 2 ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ਵਿਚ 1 ਲੱਖ 31 ਹਜ਼ਾਰ 428 ਸੀਟਾਂ 'ਤੇ ਭਰਤੀ ਲਈ ਸੂਚਨਾ ਦਿਤੀ ਜਾਵੇਗੀ।

ਇਹ ਸੂਚਨਾ ਫਰਵਰੀ ਜਾਂ ਮਾਰਚ ਵਿਚ ਜਾਰੀ ਕੀਤੀ ਜਾਵੇਗੀ। ਜਦਕਿ ਦੂਜੇ ਪੜਾਅ ਵਿਚ 99 ਹਜ਼ਾਰ ਸੀਟਾਂ 'ਤੇ ਭਰਤੀ ਲਈ ਮਈ-ਜੂਨ 2020 ਵਿਚ ਸੂਚਨਾ ਜਾਰੀ ਕੀਤੀ ਜਾਵੇਗੀ। ਪੀਊਸ਼ ਗੋਇਲ ਨੇ ਕਿਹਾ ਕਿ ਨੌਜਵਾਨ ਵਰਗ ਭਾਰਤੀ ਰੇਲਵੇ ਦੀ ਸੇਵਾ ਵਿਚ ਆਵੇ ਅਤੇ ਭਾਰਤੀ ਰੇਲਵੇ ਵੀ ਉਸੇ ਜੋਸ਼ ਨਾਲ ਹੋਰ ਵਧੀਆ ਬਣੇ, ਇਸ ਦੇ ਲਈ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ।