ਜਨ ਸੰਸਦ ਵਿਚ ਹਿੱਸਾ ਲੈਣ ਆਏ ਰਵਨੀਤ ਬਿੱਟੂ 'ਤੇ ਹਮਲਾ, ਗੱਡੀ ਦੇ ਸ਼ੀਸ਼ੇ ਟੁੱਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿੱਟੂ ਨੇ ਹਮਲਾ ਕਰਨਾ ਵਾਲਿਆਂ ਨੂੰ ਮੁਆਫ ਕਰਨ ਦੀ ਕਹੀ ਗੱਲ, ਕਿਹਾ ਉਹ ਕਿਸਾਨਾਂ ਦੇ ਨਾਲ ਹਨ

Ravneet Singh Bittu

ਨਵੀਂ ਦਿੱਲੀ : ਸਿੰਘੂ ਬਾਰਡਰ ਨੇੜੇ ਸਥਿਤ ਗੁਰੂ ਤੇਗ ਬਹਾਦਰ ਮੈਮੋਰੀਅਲ ਵਿਖੇ ਚੱਲ ਰਹੇ ਜਨ ਸੰਸਦ ਵਿਚ ਸ਼ਾਮਲ ਹੋਣ ਆਏ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਕੱਠੀ ਹੋਈ ਭਾਰੀ ਭੀੜ ਨੇ ਸੰਸਦ ਮੈਂਬਰ ਬਿੱਟੂ ਦਾ ਘਿਰਾਓ ਕਰਦਿਆਂ ਉਨ੍ਹਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇੰਨਾ ਹੀ ਨਹੀਂ, ਜਦੋਂ ਉਹ ਗੱਡੀ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਦੀ ਗੱਡੀ ’ਤੇ ਭੀੜ ਨੇ ਡੰਡਿਆਂ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਗੱਡੀ ਦੀ ਸ਼ੀਸ਼ੇ ਵੀ ਟੁੱਟ ਗਏ। 

ਉਧਰ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਘਟਨਾ ਦੀ ਨਿੰਦਾ ਕਰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਕਿਸਾਨ ਆਗੂ ਨੇ ਕਿਹਾ ਕਿ ਗੱਡੀ ਦੇ ਸ਼ੀਸ਼ੇ ਤੋੜਣਾ ਅਤੇ ਕਿਸੇ ਨੂੰ ਸਰੀਰ ਤੌਰ ’ਤੇ ਹਾਨੀ ਪਹੁੰਚਾਉਣਾ ਵਿਰੋਧ ਦਾ ਤਰੀਕਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡਾ ਵਿਰੋਧ ਕਿਸੇ ਨਾਲ ਨਿੱਜੀ ਤੌਰ ’ਤੇ ਨਹੀਂ ਹੋ ਸਕਦਾ। ਅੰਦੋਲਨ ਦੌਰਾਨ ਵੀ ਸਾਡਾ ਵਿਰੋਧ ਸਰਕਾਰ ਦੀ ਥਾਂ ਸਰਕਾਰ ਦੀਆਂ ਨੀਤੀਆਂ ਦਾ ਹੁੰਦਾ ਹੈ।

ਇਸੇ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਹਿਤਾਂ ਖਾਤਰ ਉਹ ਕੁੱਝ ਵੀ ਸਹਿਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਜਨ ਸੰਸਦ ਵਿਚ ਹਿੱਸਾ ਲੈਣ ਆਏ ਸਨ। ਉਨ੍ਹਾਂ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਹਾਂ ਅਤੇ ਸਾਡੀ ਪੱਗ ਵੀ ਕਿਸਾਨਾਂ ਦੀ ਹੈ। ਇਸ ਲਈ ਜੇਕਰ ਸਾਡਾ ਕਿਸੇ ਨੇ ਵਿਰੋਧ ਕੀਤਾ ਹੈ ਤਾਂ ਇਸ ਲਈ ਅਸੀਂ ਕਿਸਾਨਾਂ ਨੂੁੰ ਦੋਸ਼ੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਇਸ ਵਿਚ ਕੁ੍ੱਝ ਸ਼ਰਾਰਤੀ ਅਨਸਰ ਹੋ ਸਕਦੇ ਹਨ, ਜਾਂ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਦੀ ਚਾਲ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਖਿਲਾਫ਼ ਕੁੱਝ ਵੀ ਨਹੀਂ ਬੋਲਾਂਗੇ ਤੇ ਨਾ ਹੀ ਕਿਸਾਨਾਂ ਖਿਲਾਫ  ਬੋਲ ਸਕਦੇ ਹਾਂ, ਕਿਉਂਕਿ ਅਸੀਂ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।