ਰਾਹੁਲ ਦਾ PM ਮੋਦੀ ‘ਤੇ ਨਿਸ਼ਾਨਾ, GDP ਤੇ ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਕੱਸਿਆ ਤੰਜ
ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ‘ਤੇ ਚੁਕੇ ਸਵਾਲ
ਨਵੀਂ ਦਿੱਲੀ: ਵਧਦੀਆਂ ਤੇਲ ਕੀਮਤਾਂ ਅਤੇ ਘਟਦੀ ਜੀ.ਡੀ.ਪੀ. ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੰਭਰ ਕੀਤਾ ਹੋਇਆ ਹੈ, ਜਦਕਿ ਸਰਕਾਰ ਟੈਕਸ ਵਸੂਲਣ ਵਿਚ ਮਸ਼ਰੂਫ ਹੈ। ਇਕ ਹਫਤੇ ਦੌਰਾਨ ਲਗਾਤਾਰ ਚਾਰ ਵਾਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਲੋਕਾਂ ਅੰਦਰ ਹਾਹਾਕਾਰ ਮਚਾ ਰੱਖੀ ਹੈ।
ਪਟਰੌਲ ਅਤੇ ਡੀਜ਼ਲ ਦੀ ਕੀਮਤ ਸਰਬੋਤਮ ਪੱਧਰ ‘ਤੇ ਵੱਧ ਚੁੱਕੀ ਹੈ, ਅਜਿਹੇ ਵਿਚ ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਇਸੇ ਤਹਿਤ ਹੀ ਰਾਹੁਲ ਗਾਂਧੀ ਨੇ ਸਰਕਾਰ ਨੂੰ ਤੇਲ ਕੀਮਤਾਂ ਵਿਚ ਵਾਧੇ ਲਈ ਜ਼ੁੰਮੇਵਾਰ ਠਹਿਰਾਉਂਦਿਆਂ ਸਵਾਲ ਚੁਕੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, "ਮੋਦੀ ਜੀ ਨੇ ਜੀਡੀਪੀ - ਗੈਸ, ਡੀਜ਼ਲ ਅਤੇ ਪੈਟਰੋਲ ਵਿੱਚ ਬਹੁਤ ਵਾਧਾ ਕੀਤਾ ਹੈ।"
ਉਨ੍ਹਾਂ ਕਿਹਾ, “ਲੋਕ ਮਹਿੰਗਾਈ ਤੋਂ ਪਰੇਸ਼ਾਨ ਹਨ ਅਤੇ ਮੋਦੀ ਸਰਕਾਰ ਟੈਕਸ ਵਸੂਲਣ 'ਚ ਲੱਗੀ ਹੋਈ ਹੈ।” ਕਾਬਲੇਗੌਰ ਹੈ ਕਿ ਤੇਲ ਕੀਮਤਾਂ 'ਚ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ ਦਿੱਲੀ 'ਚ 85.70 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 92.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਦਿੱਲੀ 'ਚ 75.88 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 82.66 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਤੋਂ ਪਹਿਲਾਂ ਸਾਲ 2018 ਵਿਚ ਪਟਰੌਲ ਦੀ ਕੀਮਤ 80 ਰੁਪਏ ਤਕ ਪਹੁੰਚੀ ਸੀ। ਉਸ ਵਕਤ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਪਹੁੰਚਣ ਬਾਅਦ ਪਟਰੌਲ ਦੀ ਕੀਮਤ ਇਸ ਉਚਾਈ ਤਕ ਪਹੁੰਚੀ ਸੀ ਪਰ ਹੁਣ ਕੱਚੇ ਤੇਲ ਦੀਆਂ ਕੀਮਤਾਂ 54.70 ਡਾਲਰ ਪ੍ਰਤੀ ਬੈਰਲ ਹੋਣ ‘ਤੇ ਹੀ ਪਟਰੌਲ ਦੀ ਕੀਮਤ 85 ਰੁਪਏ ਨੂੰ ਪਾਰ ਕਰ ਗਈ ਹੈ। ਇਸ ਪਿਛੇ ਮੁੱਖ ਕਾਰਨ ਕੇਂਦਰ ਸਰਕਾਰ ਵਲੋਂ ਕਰੋਨਾ ਕਾਲ ਤੋਂ ਤੁਰੰਤ ਬਾਅਦ ਵਧਾਈ ਆਬਕਾਰੀ ਡਿਊਟੀ ਹੈ। ਸਰਕਾਰ ਵਲੋਂ ਉਸ ਸਮੇਂ ਵਧਾਈ ਆਬਕਾਰੀ ਡਿਊਟੀ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਬਾਅਦ ਸਿੱਧਾ ਖਪਤਕਾਰਾਂ ‘ਤੇ ਪੈ ਰਿਹਾ ਹੈ।