ਮੁਹੰਮਦ ਸ਼ੰਮੀ ਨੂੰ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਹੁਕਮ, ਹਰ ਮਹੀਨੇ ਦੇਣੇ ਪੈਣਗੇ 1.30 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

 ਦੋਵੇਂ 2018 ਤੋਂ ਵੱਖ-ਵੱਖ ਰਹਿ ਰਹੇ ਹਨ

Mohammed Shami, Hasin Jahan

ਨਵੀਂ ਦਿੱਲੀ - ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਆਪਣੀ ਪਤਨੀ ਹਸੀਨ ਜਹਾਂ ਨੂੰ ਹਰ ਮਹੀਨੇ ਗੁਜਾਰਾ ਭੱਤਾ ਦੇਣਾ ਹੋਵੇਗਾ। ਕੋਲਕਾਤਾ ਦੀ ਹੇਠਲੀ ਅਦਾਲਤ ਨੇ ਸੋਮਵਾਰ ਨੂੰ ਇਹ ਹੁਕਮ ਦਿੱਤਾ। ਇਹ ਰਕਮ 1 ਲੱਖ 30 ਹਜ਼ਾਰ ਰੁਪਏ ਹੋਵੇਗੀ। ਇਸ ਵਿਚ ਹਸੀਨ ਜਹਾਂ ਲਈ 50,000 ਰੁਪਏ ਅਤੇ ਉਸ ਦੀ ਧੀ ਦੇ ਖਰਚੇ ਲਈ 80,000 ਰੁਪਏ ਸ਼ਾਮਲ ਹਨ। ਦੋਵੇਂ 2018 ਤੋਂ ਅਲੱਗ ਰਹਿ ਰਹੇ ਹਨ ਅਤੇ ਤਲਾਕ ਦਾ ਕੇਸ ਚੱਲ ਰਿਹਾ ਹੈ। 

ਹਸੀਨ ਜਹਾਂ ਨੇ 2018 ਵਿਚ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਕੇ 10 ਲੱਖ ਰੁਪਏ ਦੇ ਮਾਸਿਕ ਗੁਜ਼ਾਰੇ ਦੀ ਮੰਗ ਕੀਤੀ ਸੀ। ਇਸ ਵਿਚ 7 ਲੱਖ ਰੁਪਏ ਉਸ ਦਾ ਨਿੱਜੀ ਗੁਜ਼ਾਰਾ ਭੱਤਾ ਸੀ ਅਤੇ 3 ਲੱਖ ਰੁਪਏ ਬੇਟੀ ਦੇ ਗੁਜ਼ਾਰੇ ਦਾ ਖਰਚਾ ਸੀ। ਹਸੀਨ ਜਹਾਂ ਦੀ ਸ਼ੰਮੀ ਨਾਲ ਮੁਲਾਕਾਤ ਸਾਲ 2011 'ਚ ਹੋਈ ਸੀ। ਉਸ ਸਮੇਂ ਦੌਰਾਨ ਉਹ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਲਈ ਚੀਅਰਲੀਡਿੰਗ ਕਰਦੀ ਸੀ।

ਇਹ ਵੀ ਪੜ੍ਹੋ: ਹੁਣ ਹੈਲੀਕਾਪਟਰ ਦੀ ਬਜਾਏ ਜੈੱਟ ਦੀ ਸਵਾਰੀ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ

ਦੋਵਾਂ ਨੇ ਸਾਲ 2014 'ਚ ਵਿਆਹ ਕੀਤਾ ਸੀ। ਹਸੀਨ ਜਹਾਂ ਨੇ ਵਿਆਹ ਤੋਂ ਬਾਅਦ ਮਾਡਲਿੰਗ ਅਤੇ ਐਕਟਿੰਗ ਛੱਡ ਦਿੱਤੀ ਸੀ। 2018 ਵਿਚ, ਜਹਾਂ ਨੇ ਸ਼ੰਮੀ 'ਤੇ ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਸਮੇਤ ਕਈ ਦੋਸ਼ ਲਗਾਏ ਸਨ। ਉਦੋਂ ਤੋਂ ਦੋਵੇਂ ਵੱਖ-ਵੱਖ ਰਹਿਣ ਲੱਗੇ ਅਤੇ ਉਦੋਂ ਤੋਂ ਹੀ ਤਲਾਕ ਦਾ ਮਾਮਲਾ ਚੱਲ ਰਿਹਾ ਹੈ। 2018 ਵਿਚ ਹਸੀਨ ਜਹਾਂ ਨੇ ਇੱਕ ਵਾਰ ਫਿਰ ਆਪਣੇ ਕਿੱਤੇ ਵਿਚ ਕਦਮ ਰੱਖਿਆ। 

ਹਸੀਨ ਦੇ ਵਕੀਲ ਮ੍ਰਿਗਾਂਕਾ ਮਿਸਤਰੀ ਨੇ ਅਦਾਲਤ ਨੂੰ ਦੱਸਿਆ ਕਿ 2020-21 ਵਿਚ ਸ਼ਮੀ ਦੀ ਸਾਲਾਨਾ ਆਮਦਨ 7 ਕਰੋੜ ਰੁਪਏ ਸੀ। ਇਸੇ ਆਧਾਰ 'ਤੇ ਗੁਜਾਰੇ ਭੱਤੇ ਦੀ ਮੰਗ ਕੀਤੀ ਗਈ। ਉਨ੍ਹਾਂ ਦੀ ਦਲੀਲ ਸੀ ਕਿ 10 ਲੱਖ ਰੁਪਏ ਦਾ ਗੁਜ਼ਾਰਾ ਗੈਰਵਾਜਬ ਨਹੀਂ ਹੈ। ਅਪੀਲ 'ਚ ਸ਼ਮੀ ਦੀ ਇਨਕਮ ਟੈਕਸ ਰਿਟਰਨ ਦਾ ਵੀ ਹਵਾਲਾ ਦਿੱਤਾ ਗਿਆ ਸੀ। ਇਸ 'ਤੇ ਸ਼ਮੀ ਦੇ ਵਕੀਲ ਸੈਲੀਮ ਰਹਿਮਾਨ ਨੇ ਦਾਅਵਾ ਕੀਤਾ ਕਿ ਹਸੀਨ ਜਹਾਂ ਖ਼ੁਦ ਇਕ ਪ੍ਰੋਫੈਸ਼ਨਲ ਫੈਸ਼ਨ ਮਾਡਲ ਹੈ। ਉਹ ਖ਼ਦ ਕਮਾ ਰਹੀ ਹੈ। ਇਸ ਲਈ ਇੰਨਾ ਗੁਜ਼ਾਰਾ ਸਹੀ ਨਹੀਂ ਹੈ। 

ਇਹ ਵੀ ਪੜ੍ਹੋ: ਪਾਕਿਸਤਾਨੀ ਮਹਿਲਾ ਨੇ ਅੰਮ੍ਰਿਤਸਰ ਵਿਚ ਦਿੱਤਾ ਪੁੱਤਰ ਨੂੰ ਜਨਮ, ਪਿਤਾ ਨੇ ਨਾਂਅ ਰੱਖਿਆ ਬਾਰਡਰ-2

ਮਾਰਚ 2018 ਵਿਚ, ਬੀਸੀਸੀਆਈ ਦੁਆਰਾ ਸ਼ੰਮੀ ਦਾ ਇਕਰਾਰਨਾਮਾ ਖ਼ਤਮ ਕਰ ਦਿੱਤਾ ਗਿਆ ਸੀ ਜਦੋਂ ਉਸ ਦੀ ਪਤਨੀ ਹਸੀਨ ਜਹਾਂ ਨੇ ਉਸ ਉੱਤੇ ਘਰੇਲੂ ਹਿੰਸਾ ਅਤੇ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਸੀ। ਜਾਂਚ 'ਚ ਸ਼ੰਮੀ ਨੂੰ ਬੇਕਸੂਰ ਪਾਇਆ ਗਿਆ। ਕੁਝ ਦਿਨਾਂ ਬਾਅਦ ਬੋਰਡ ਨੇ ਇਕਰਾਰਨਾਮਾ ਰੀਨਿਊ ਕਰ ਦਿੱਤਾ। 
ਸ਼ੰਮੀ ਨਿਊਜ਼ੀਲੈਂਡ ਖਿਲਾਫ਼ ਵਨਡੇ ਸੀਰੀਜ਼ ਖੇਡ ਰਹੇ ਹਨ। ਟੀਮ ਇੰਡੀਆ ਇਸ ਦੁਵੱਲੀ ਸੀਰੀਜ਼ 'ਚ 2-0 ਨਾਲ ਅੱਗੇ ਹੈ। ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਣਾ ਹੈ। ਸ਼ੰਮੀ ਇਸ ਮੈਚ ਦਾ ਹਿੱਸਾ ਬਣ ਸਕਦੇ ਹਨ।