ਚੀਨ 'ਚ ਬੱਸ ਨੂੰ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ
ਜ਼ਖ਼ਮੀਆਂ ਨੂੰ ਹਸਪਤਾਲ ਕਰਾਇਆ ਭਰਤੀ, 5 ਦੀ ਹਾਲਤ ਨਾਜ਼ੁਕ
26 people killed in China bus fire
ਨਵੀਂ ਦਿੱਲੀ- ਚੀਨ ਦੇ ਹੁਨਾਨ ਖੇਤਰ ਵਿਚ ਇਕ ਬੱਸ ਵਿਚ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਜਦਕਿ 28 ਹੋਰ ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਤਿੰਨ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਪੰਜ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ 50 ਸੀਟਾਂ ਵਾਲੀ ਬੱਸ ਹੇਨਾਨ ਖੇਤਰ ਦੇ ਚਾਂਗਦੇ ਸ਼ਹਿਰ ਦੀ ਹਾਂਸ਼ੋਊ ਕਾਉਂਟੌ ਵਿਚ ਇਕ ਰਸਤੇ ਤੋਂ ਲੰਘ ਰਹੀ ਸੀ।
ਜਾਣਕਾਰੀ ਅਨੁਸਾਰ ਇਸ ਬੱਸ ਵਿਚ 53 ਯਾਤਰੀ ਸਵਾਰ ਸਨ। ਇਸ ਤੋਂ ਇਲਾਵਾ ਇਕ ਟੂਰ ਗਾਈਡ ਤੇ ਦੋ ਚਾਲਕ ਵੀ ਸਨ। ਪੁਲਿਸ ਨੇ ਹਾਦਸੇ ਮਗਰੋਂ ਦੋਵੇਂ ਡਰਾਈਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਚੀਨ ਵਿਚ ਇਕ ਕੈਮੀਕਲ ਪਲਾਂਟ ਵਿਚ ਧਮਾਕਾ ਹੋਣ ਨਾਲ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।