ਕੋਰੋਨਾ ਵਾਇਰਸ: ਵਿਗੜੇ ਹਲਾਤਾਂ ਦੇ ਚਲਦਿਆਂ ਭਾਰਤ ਨੂੰ ਮਿਲਿਆ ਆਸਟ੍ਰੇਲੀਆ ਦਾ ਸਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ ਇਸ ਵਿਸ਼ਵਵਿਆਪੀ ਚੁਣੌਤੀ 'ਤੇ ਭਾਈਵਾਲੀ ਨਾਲ ਕੰਮ ਕਰਦੇ ਰਹਾਂਗੇ - ਸਕੌਟ ਮੌਰੀਸਨ

Narendra Modi and Scott Morrison

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਵਿਚ ਚਿੰਤਾਜਨਕ ਹਾਲਾਤ ਬਣੇ ਹੋਏ ਹਨ। ਇਸ ਮੁਸ਼ਕਿਲ ਦੀ ਘੜੀ ਵਿਚ ਭਾਰਤ ਨੂੰ ਆਸਟ੍ਰੇਲੀਆ ਦਾ ਸਾਥ ਮਿਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਦੌਰਾਨ ਭਾਰਤ ਦੇ ਨਾਲ ਹਾਂ।

ਸਕੌਟ ਮੌਰੀਸਨ ਨੇ ਕਿਹਾ, ‘ਆਸਟ੍ਰੇਲੀਆ ਕੋਵਿਡ 19 ਦੀ ਦੂਜੀ ਲਹਿਰ ਨਾਲ ਜੂਝ ਰਹੇ ਅਪਣੇ ਦੋਸਤ ਭਾਰਤ ਦੇ ਨਾਲ ਹੈ। ਅਸੀਂ ਜਾਣਦੇ ਹਾਂ ਕਿ ਭਾਰਤ ਕਿੰਨਾ ਮਜ਼ਬੂਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ ਇਸ ਵਿਸ਼ਵਵਿਆਪੀ ਚੁਣੌਤੀ 'ਤੇ ਭਾਈਵਾਲੀ ਨਾਲ ਕੰਮ ਕਰਦੇ ਰਹਾਂਗੇ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਭਾਰਤ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਖ਼ਤਰੇ ’ਤੇ ਚਿੰਤਾ ਪ੍ਰਗਟਾਈ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ, ‘ਮੈਂ ਭਾਰਤ ਦੇ ਲੋਕਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ ਕਿਉਂਕਿ ਉਹ ਕੋਵਿਡ -19 ਦੀ ਇਕ ਖ਼ਤਰਨਾਕ ਲਹਿਰ ਨਾਲ ਲੜ ਰਹੇ ਹਨ। ਉਹਨਾਂ ਦੀ ਜਲਦੀ ਸਿਹਤਯਾਬੀ ਲਈ ਸਾਡੀਆਂ ਪ੍ਰਾਰਥਨਾਵਾਂ ਉਹਨਾਂ ਦੇ ਨਾਲ ਹਨ , ਸਾਨੂੰ ਇਸ ਵਿਸ਼ਵਵਿਆਪੀ ਚੁਣੌਤੀ ਨੂੰ ਮਿਲ ਕੇ ਲੜਨਾ ਚਾਹੀਦਾ ਹੈ’।

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ  3,46,786  ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਦੇਸ਼ ’ਚ ਹੁਣ ਕੋਰੋਨਾ ਮਰੀਜ਼ਾਂ ਦੀ ਕੁਲ ਗਿਣਤੀ  1,66,10,481 ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੇਸ਼ ’ਚ ਇਕ ਦਿਨ ’ਚ ਕੋਰੋਨਾ ਨਾਲ 2,624 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 1,89,544 ’ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸ਼ੁਕਰਵਾਰ ਤੱਕ ਦੇ ਅੰਕੜਿਆਂ ਮੁਤਾਬਕ, 25 ਲੱਖ ਤੋਂ ਜ਼ਿਆਦਾ ਲੋਕ ਅਜੇ ਵੀ ਕੋਰੋਨਾ ਦੀ ਚਪੇਟ ’ਚ ਹਨ।