Lok Sabha Elections 2024: ਰਾਹੁਲ ਗਾਂਧੀ ਨੇ ਕਿਹਾ, 'ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਕਰੋੜਾਂ ਲੋਕ ਲਖਪਤੀ ਬਣਨਗੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦੀ।

Will create crores of 'lakhpatis' if INDIA bloc wins, says Rahul Gandhi

Lok Sabha Elections 2024: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਸ਼ਾਸਨ ਕਾਲ ’ਚ 16 ਲੱਖ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਨਾਲ ਸਿਰਫ 22-25 ਲੋਕ ਅਰਬਪਤੀ ਬਣੇ ਪਰ ਜੇਕਰ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਕਰੋੜਾਂ ਲੋਕਾਂ ਨੂੰ ਕਰੋੜਪਤੀ ਬਣਾ ਦੇਵੇਗੀ। ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦੀ।

ਉਨ੍ਹਾਂ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਉਂਦਾ ਹੈ ਤਾਂ ਜਾਤ ਅਧਾਰਤ ਮਰਦਮਸ਼ੁਮਾਰੀ ਅਤੇ ਆਰਥਕ ਸਰਵੇਖਣ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ ਅਤੇ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਅਪਣੇ 22 ਉਦਯੋਗਪਤੀ ਦੋਸਤਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ।

ਉਨ੍ਹਾਂ ਕਿਹਾ, ‘‘ਮੋਦੀ ਨੇ ਅਪਣੇ 22 ਉਦਯੋਗਪਤੀ ਦੋਸਤਾਂ ਦੀ ਮਦਦ ਕੀਤੀ ਪਰ ਆਮ ਆਦਮੀ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਨੇ ਨੋਟਬੰਦੀ ਲਾਗੂ ਕੀਤੀ ਅਤੇ ਖੇਤੀ ਕਾਨੂੰਨ ਅਤੇ ਜੀ.ਐਸ.ਟੀ. ਲਿਆਂਦੇ। ਉਨ੍ਹਾਂ ਨੇ ਅਪਣੇ 22 ਉਦਯੋਗਪਤੀ ਦੋਸਤਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਪਰ ਗਰੀਬਾਂ, ਵਿਦਿਆਰਥੀਆਂ ਅਤੇ ਕਿਸਾਨਾਂ ਦਾ ਕਿੰਨਾ ਕਰਜ਼ਾ ਮੁਆਫ ਕੀਤਾ?’’ ਵਿਰੋਧੀ ਗੱਠਜੋੜ ‘ਇੰਡੀਆ’ ਦਾ ਹਿੱਸਾ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅਪਣੇ ਚੋਣ ਐਲਾਨਨਾਮੇ ਵਿਚ ਕੀਤੇ ਗਏ ਵੱਖ-ਵੱਖ ਵਾਅਦਿਆਂ ਵਿਚ ‘ਮਹਾਂਲਕਸ਼ਮੀ ਯੋਜਨਾ’ ਅਤੇ ਅਪ੍ਰੈਂਟਿਸਸ਼ਿਪ ਦੇ ਅਧਿਕਾਰ ਨੂੰ ਸੂਚੀਬੱਧ ਕੀਤਾ ਹੈ।

ਰਾਹੁਲ ਨੇ ਕਿਹਾ, ‘‘‘ਮਹਾਂਲਕਸ਼ਮੀ ਯੋਜਨਾ’ ਦਾ ਉਦੇਸ਼ ਗਰੀਬ ਔਰਤਾਂ ਨੂੰ ਹਰ ਸਾਲ 1 ਲੱਖ ਰੁਪਏ ਪ੍ਰਦਾਨ ਕਰਨਾ ਹੈ, ਜਦਕਿ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਪ੍ਰਦਾਨ ਕਰਨ ਦਾ ਉਦੇਸ਼ ਗ੍ਰੈਜੂਏਟਾਂ ਅਤੇ ਡਿਪਲੋਮਾ ਧਾਰਕਾਂ ਨੂੰ ਅਪ੍ਰੈਂਟਿਸ ਵਜੋਂ ਇਕ ਸਾਲ ਦੀ ਨੌਕਰੀ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਇਕ ਲੱਖ ਰੁਪਏ ਪਾਉਣ ਦੇ ਯੋਗ ਬਣਾਉਣਾ ਹੈ।’’ ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਦੇਸ਼ ਦਾ ਚਿਹਰਾ ਬਦਲ ਦੇਣਗੀਆਂ ਅਤੇ ਕਰੋੜਾਂ ਲੋਕਾਂ ਨੂੰ ਲਖਪਤੀ ਬਣਾਇਆ ਜਾਵੇਗਾ।

ਵਾਇਨਾਡ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਓ.ਬੀ.ਸੀ., ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਸਮੇਤ ਦੇਸ਼ ਦੀ 90 ਫੀ ਸਦੀ ਆਬਾਦੀ ਅਪਣੀ ਅਸਲ ਸਮਰੱਥਾ ਦਾ ਅਹਿਸਾਸ ਕਰੇ। ਅਮਰਾਵਤੀ ਅਤੇ ਮਹਾਰਾਸ਼ਟਰ ਦੀਆਂ ਸੱਤ ਹੋਰ ਲੋਕ ਸਭਾ ਸੀਟਾਂ ਲਈ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।