ਧਰਤੀ 'ਤੇ ਲੱਗਿਆ ਲਾਕਡਾਊਨ ਤਾਂ ਜੋੜੇ ਅਸਮਾਨ ਵਿਚ ਕਰਵਾਇਆ ਵਿਆਹ, ਵੀਡੀਓ ਵਾਇਰਲ
ਡੀਜੀਸੀਏ ਨੇ ਲਿਆ ਐਕਸ਼ਨ
ਚੇਨਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਤਮਿਲਨਾਡੂ ਦਾ ਇਕ ਵਿਆਹ ਕਾਫੀ ਚਰਚਾ ਵਿਚ ਹੈ। ਦਰਅਸਲ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਮਦੁਰਈ ਦੇ ਇਕ ਜੋੜੇ ਨੇ ਚਾਰਟਡ ਪਲੇਨ ਵਿਚ ਵਿਆਹ ਕਰਵਾਇਆ। ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋ ਰਹੀ ਹੈ। ਦਰਅਸਲ ਲਾਕਡਾਊਨ ਹੋਣ ਕਰਕੇ ਜੋੜੇ ਨੇ ਅਪਣੇ ਵਿਆਹ ਲਈ ਇਕ ਚਾਰਟਡ ਪਲੇਟ ਨੂੰ ਚੁਣਿਆ ਅਤੇ ਮਦੁਰਈ ਤੋਂ ਬੰਗਲੁਰੂ ਤੱਕ ਲਈ ਇਕ ਪੂਰੀ ਚਾਰਟਡ ਉਡਾਣ ਬੁੱਕ ਕਰ ਲਈ। ਵਿਆਹ ਦਾ ਸਾਰਾ ਸਮਾਰੋਹ ਉਡਾਣ ਵਿਚ ਹੋਇਆ।
ਵੀਡੀਓ ਵਿਚ ਦੇਖਿਆ ਗਿਆ ਕਿ ਵਿਆਹ ਸਮਾਰੋਹ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਅਤੇ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਵੀ ਨਹੀਂ ਹੋਇਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੈਗੂਲੇਟਰੀ ਬਾਡੀ ਡੀਜੀਸੀਏ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਦੁਰਈ ਦੇ ਏਅਰਪੋਰਟ ਡਾਇਰੈਕਟਰ ਨੇ ਦੱਸਿਆ, ‘ਕੱਲ੍ਹ ਸਪਾਈਸ ਜੈੱਟ ਦੀ ਉਡਾਣ ਮਦੁਰਈ ਤੋਂ ਬੁੱਕ ਹੋਈ ਸੀ। ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੂੰ ਵਿਆਹ ਦੀ ਕੋਈ ਜਾਣਕਾਰੀ ਨਹੀਂ ਸੀ’।
ਡੀਜੀਸੀਏ ਨੇ ਦੱਸਿਆ ਕਿ ਏਅਰਲਾਈਨ ਅਤੇ ਏਅਰਪੋਰਟ ਅਥਾਰਿਟੀ ਕੋਲੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਉੱਥੇ ਹੀ ਸਪਾਈਸ ਜੈੱਟ ਦੀ ਉਸ ਫਲਾਈਟ ’ਤੇ ਮੌਜੂਦ ਕਰੂ ਨੂੰ ਫਿਲਹਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਸਪਾਈਸ ਜੈੱਟ ਨੇ ਵੀ ਇਕ ਬਿਆਨ ਜਾਰੀ ਕੀਤਾ ਹੈ।
ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ 23 ਮਈ 2021 ਨੂੰ ਮਦੁਰਈ ਦੇ ਇਕ ਟਰੈਵਲ ਏਜੰਟ ਨੇ ਫਲਾਈਟ ਬੁੱਕ ਕੀਤੀ ਸੀ। ਇਸ ਨੂੰ ਵਿਆਹ ਤੋਂ ਬਾਅਦ ਇਕ, ‘ਜੁਆਏ ਰਾਈਡ’ ਦੇ ਤੌਰ ’ਤੇ ਬੁੱਕ ਕੀਤਾ ਗਿਆ ਸੀ। ਏਜੰਟ ਅਤੇ ਰਿਸ਼ਤੇਦਾਰਾਂ ਨੂੰ ਕੋਵਿਡ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ ਗਈ ਸੀ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਤਮਿਲਨਾਡੂ ਵਿਚ 31 ਮਈ ਤੱਕ ਲਾਕਡਾਊਨ ਲਗਾਇਆ ਗਿਆ ਹੈ।