Pfizer ਤੇ Moderna ਨੇ ਦਿੱਲੀ ਨੂੰ ਵੈਕਸੀਨ ਦੇਣ ਤੋਂ ਕੀਤੀ ਨਾਂਹ- ਸੀਐਮ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਮਰੀਕੀ ਵੈਕਸੀਨ ਨਿਰਮਾਤਾ ਕੰਪਨੀਆਂ ਫ਼ਾਈਜ਼ਰ ਅਤੇ ਮੌਡਰਨਾ ਨੇ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਮਰੀਕੀ ਵੈਕਸੀਨ ਨਿਰਮਾਤਾ ਕੰਪਨੀਆਂ ਫ਼ਾਈਜ਼ਰ ਅਤੇ ਮੌਡਰਨਾ ਨੇ ਦਿੱਲੀ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਸਬੰਧੀ ਸਿਰਫ਼ ਕੇਂਦਰ ਸਰਕਾਰ ਨਾਲ ਗੱਲ ਕਰਨਗੇ।
ਇਸ ਤੋਂ ਪਹਿਲਾਂ ਕੋਵਿਡ ਟੀਕਿਆਂ ਦੇ ਨਿਰਮਾਤਾ ਵਿਚੋਂ ਇਕ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿਤਾ ਕਿਉਂਕਿ ਉਹਨਾਂ ਦੀ ਨੀਤੀ ਅਨੁਸਾਰ ਉਹ ਸਿਰਫ਼ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ।
ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਕਾਸ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਤ ਸਰੋਤਾਂ ਤੋਂ ਟੀਕਿਆਂ ਦੀ ਖ਼ਰੀਦ ਲਈ ਵਿਸ਼ਵਵਿਆਪੀ ਟੈਂਡਰ ਜਾਰੀ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ’ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖ਼ਰੀਦ ਲਈ ਪਹੁੰਚ ਕੀਤੀ ਗਈ ਸੀ। ਇਹ ਪਹੁੰਚ ਸਪੂਤਨਿਕ ਵੀ, ਫ਼ਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਨਾਲ ਕੀਤੀ ਗਈ ਪਰ ਹਾਲੇ ਤਕ ਸਿਰਫ਼ ਮੌਡਰਨਾ ਵਲੋਂ ਹੀ ਜਵਾਬ ਆਇਆ ਹੈ।