ਰਾਮਦੇਵ ਨੇ ਐਲੋਪੈਥੀ ਸਬੰਧੀ ਅਪਣਾ ਬਿਆਨ ਵਾਪਸ ਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘ਕਿਸੇ ਨੂੰ ਠੇਸ ਪਹੁੰਚੀ ਤਾਂ ਮੈਨੂੰ ਅਫ਼ਸੋਸ ਹੈ

Baba Ramdev and Doctor Harsh Vardhan

ਨਵੀਂ ਦਿੱਲੀ: ਸਿਹਤ ਮੰਤਰੀ ਡਾ. ਹਰਸ਼ਵਰਧਨ ਦੀ ਚਿੱਠੀ ਤੋਂ ਬਾਅਦ ਬਾਬਾ ਰਾਮਦੇਵ ਨੇ ਡਾਕਟਰਾਂ ਅਤੇ ਐਲੋਪੈਥੀ ਨੂੰ ਲੈ ਕੇ ਦਿੱਤਾ ਅਪਣਾ ਵਿਵਾਦਤ ਬਿਆਨ ਵਾਪਸ ਲੈ ਲਿਆ ਹੈ। ਰਾਮਦੇਵ ਨੇ ਟਵਿਟਰ ’ਤੇ ਸਿਹਤ ਮੰਤਰੀ ਵੱਲੋਂ ਭੇਜੀ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ, ‘ਤੁਹਾਡਾ ਪੱਤਰ ਮਿਲਿਆ, ਮੈਂ ਡਾਕਟਰੀ ਤਰੀਕਿਆਂ ਬਾਰੇ ਸਾਰੇ ਵਿਵਾਦ ਨੂੰ ਅਫ਼ਸੋਸ ਨਾਲ ਰੋਕਦਿਆਂ ਅਪਣਾ ਬਿਆਨ ਵਾਪਸ ਲੈਂਦਾ ਹਾਂ ਅਤੇ ਇਹ ਪੱਤਰ ਤੁਹਾਨੂੰ ਭੇਜ ਰਿਹਾ ਹਾਂ।

ਰਾਮਦੇਵ ਨੇ ਅਪਣੇ ਸਪੱਸ਼ਟੀਕਰਨ ਵਿਚ ਕਿਹਾ, ਅਸੀਂ ਅਧੁਨਿਕ ਮੈਡੀਕਲ ਪ੍ਰਣਾਲੀ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਾਂ। ਸਾਡਾ ਮੰਨਣਾ ਹੈ ਕਿ ਐਲੋਪੈਥੀ ਨੇ ਜੀਵਨ ਰੱਖਿਆ ਪ੍ਰਣਾਲੀ ਅਤੇ ਸਰਜਰੀ ਦੇ ਖੇਤਰ ਵਿਚ ਵੱਡੀ ਤਰੱਕੀ ਕੀਤੀ ਹੈ। ਇਹ ਮਨੁੱਖਤਾ ਦੀ ਸੇਵਾ ਹੈ। ਰਾਮਦੇਵ ਨੇ ਕਿਹਾ ਕਿ ਉਸ ਦੀ ਜਿਹੜੀ ਵੀਡੀਓ ਪੇਸ਼ ਕੀਤੀ ਗਈ ਹੈ ਉਹ ਵਰਕਰਾਂ ਨਾਲ ਇਕ ਮੁਲਾਕਾਤ ਦੀ ਹੈ, ਜਿਸ ਵਿਚ ਉਹਨਾਂ ਨੇ ਵਟਸਐਪ ’ਤੇ ਆਇਆ ਇਕ ਮੈਸੇਜ ਪੜ੍ਹਿਆ ਸੀ। ਪਰ ਜੇ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਅਫ਼ਸੋਸ ਹੈ।

 

 

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਮਦੇਵ ਨੂੰ ਚਿੱਠੀ ਲਿਖ ਕੇ ਐਲੋਪੈਥੀ ਖ਼ਿਲਾਫ਼ ਦਿੱਤੇ ਗਏ ਬਿਆਨ ਨੂੰ ਵਾਪਸ ਲੈਣ ਲਈ ਕਿਹਾ। ਉਹਨਾਂ ਕਿਹਾ , ''ਐਲੋਪੈਥੀ ਉੱਤੇ ਬਿਆਨ ਵਾਪਸ ਲਓ”। ਸਿਹਤ ਮੰਤਰੀ ਨੇ ਕਿਹਾ ਹੈ ਕਿ ਰਾਮਦੇਵ ਦੇ ਬਿਆਨ ਕਾਰਨ 'ਕੋਰੋਨਾ ਯੋਧਿਆਂ' ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਦੱਸ ਦਈਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਮੰਤਰੀ ਨੂੰ ਰਾਮਦੇਵ ਖ਼ਿਲਾਫ਼ ਉਹਨਾਂ ਦੇ ਬਿਆਨ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਮਦੇਵ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਰਾਮਦੇਵ ਕਹਿ ਰਹੇ ਹਨ, ''ਐਲੋਪੈਥੀ ਇਕ ਬਕਵਾਸ ਅਤੇ ਦਿਵਾਲੀਆ ਸਾਇੰਸ ਹੈ ਕਿ ਪਹਿਲਾਂ ਕਲੋਰੋਕ੍ਵਿਨ ਫੇਲ੍ਹ ਹੋਇਆ, ਫ਼ਿਰ ਰੈਮਡੈਸਵਿਰ ਫੇਲ੍ਹ ਹੋਈ, ਫ਼ਿਰ ਐਂਟੀ ਬਾਇਓਟਿਕ ਫੇਲ੍ਹ ਹੋਈ, ਫ਼ਿਰ ਸਟੀਰਾਇਡ ਫੇਲ੍ਹ ਅਤੇ ਕੱਲ੍ਹ ਪਲਾਜ਼ਮਾ ਥੈਰੇਪੀ ਵੀ ਫੇਲ੍ਹ ਹੋ ਗਈ।''