ਇਕੋ ਪਰਵਾਰ ਦੇ ਛੇ ਜੀਅ ਚੜ੍ਹੇ ਕੋਰੋਨਾ ਮਹਾਂਮਾਰੀ ਦੀ ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖੰਡ ਕੀਰਤਨੀ ਜਥਾ ਦਿੱਲੀ ਵਲੋਂ ਅਕਾਲ ਚਲਾਣਾ ਕਰ ਗਏ ਪ੍ਰਾਣੀਆਂ ਨਮਿਤ ਅਰਦਾਸ ਸਮਾਗਮ

Six members of family died of Corona

ਨਵੀਂ ਦਿੱਲੀ (ਸੁਖਰਾਜ ਸਿੰਘ): ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਸਾਰੀ ਦੁਨੀਆਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕਿ ਰੁਖ਼ਸਤ ਹੋ ਗਏ ਗੁਰਸਿੱਖ ਪਰਵਾਰਾਂ ਦੀ ਯਾਦ ਵਿੱਚ ਗੁਰਬਾਣੀ ਕੀਰਤਨੀ ਅਤੇ ਅਰਦਾਸ ਸਮਾਗਮ ਕਰਵਾਏ ਗਏ। ਇਥੇ ਗੁਰੂ ਨਾਨਕ ਪਬਲਿਕ ਸਕੂਲ ਰਾਜ਼ੌਰੀ ਗਾਰਡਨ ਵਿਖੇ ਮਹਾਂਮਾਰੀ ਨਾਲ ਇਕ ਪਰਵਾਰ ਦੀਆਂ ਵਿਛੜੀਆਂ ਰੂਹਾਂ ਭਾਈ ਗੁਰਚਰਨ ਸਿੰਘ, ਮਾਤਾ ਜਤਿੰਦਰ ਕੌਰ ਅਤੇ ਇਨ੍ਹਾਂ ਦਾ ਬੇਟਾ ਜਸਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਅਤੇ ਹੋਰ ਕਈ ਪ੍ਰਾਣੀਆਂ ਦੇ ਨਮਿਤ ਕੀਰਤਨ ਅਤੇ ਅਰਦਾਸ ਸਮਾਗਮ ਰੱਖਿਆ ਗਿਆ ਸੀ। 

ਜ਼ਿਕਰਯੋਗ ਹੈ ਕਿ ਭਾਈ ਗੁਰਚਰਨ ਸਿੰਘ ਸਣੇ ਪਰਵਾਰ ਦੇ ਛੇ ਜੀਅ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਚਪੇਟ ਵਿਚ ਆ ਕੇ ਸੰਸਾਰ ਵਿਛੋੜਾ ਦੇ ਗਏ ਸਨ ਤੇ ਪਿੱਛੇ ਪਰਵਾਰ ਅੰਦਰ ਇਕ ਧੀ ਅਤੇ ਨੂੰਹ ਬਚੇ ਸਨ। ਪਰਵਾਰ ਦੇ ਵੱਡੇ ਵਡੇਰਿਆਂ ਦੇ ਜਾਣ ’ਤੇ ਅਖੰਡ ਕੀਰਤਨੀ ਜੱਥੇ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪਰਵਾਰ ਦੇ ਮੈਂਬਰਾਂ ਨੂੰ ਯਾਦ ਕੀਤਾ। ਇਸ ਸਮਾਗਮ ਦੌਰਾਨ ਬੀਬੀ ਸੁਰਜੀਤ ਕੌਰ, ਬੀਬੀ ਨਿਰਮਲ ਕੌਰ, ਭਾਈ ਹਰਮੀਤ ਸਿੰਘ ਤੇ ਹੋਰ ਕੀਰਤਨੀਆਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਸਮਾਪਤੀ ਮੌਕੇ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਕੋਰੋਨਾ ਨਾਲ ਬਹੁਤ ਸਾਰੇ ਜੀਅ ਪਰਵਾਰ ਵਿਛੋੜਾ ਦੇ ਗਏ ਹਨ ਜਿਸ ਦਾ ਸਾਨੂੰ ਬਹੁਤ ਦੁੱਖ ਹੈ। ਮੌਜੂਦ ਸੰਗਤਾਂ ਨੂੰ ਭਾਈ ਗੁਰਚਰਨ ਸਿੰਘ ਦੇ ਪਰਿਵਾਰ ਵਿਚ ਵਾਪਰੇ ਭਾਣੇ ਬਾਰੇ ਦੱਸਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਰਵਾਰ ਵਿਚ ਰਹਿ ਗਈ ਬੱਚੀਆਂ ਸਾਡੀ ਧੀਆਂ ਵਾਂਗ ਹਨ ਤੇ ਇਨ੍ਹਾਂ ਦੀ ਜਿੰਮੇਵਾਰੀ ਵੀ ਸਾਡੀ ਹੀ ਹੈ, ਇਨ੍ਹਾਂ ਦੀ ਕਿਸੇ ਕਿਸਮ ਦੀ ਜਰੂਰਤ ਜਾਂ ਕੋਈ ਤਕਲੀਫ ਸਮੇਂ ਅਸੀਂ ਹਰ ਵਕਤ ਇਨ੍ਹਾਂ ਦੇ ਨਾਲ ਖੜ੍ਹੇ ਹਾਂ। ਇਸ ਪਰਵਾਰ ਦੇ ਤਿੰਨ ਜੀਆਂ ਦਾ ਸਸਕਾਰ ਤੇ ਅੰਤਿਮ ਰਸਮਾਂ ਵੀ ਅਖੰਡ ਕੀਰਤਨੀ ਜੱਥੇ ਦੇ ਸਿੰਘਾਂ ਨੇ ਨਿਭਾ ਕੇ ਅਪਣਾ ਬਣਦਾ ਫ਼ਰਜ਼ ਨਿਭਾਇਆ ਸੀ।