Rajasthan News: ਲੂ ਲੱਗਣ ਕਾਰਨ 5 ਲੋਕਾਂ ਦੀ ਮੌਤ, ਬਾੜਮੇਰ 'ਚ ਤਾਪਮਾਨ 48.8 ਡਿਗਰੀ ਤਕ ਪਹੁੰਚਿਆ
ਅਧਿਕਾਰੀਆਂ ਨੇ ਦਸਿਆ ਕਿ ਖੈਰਥਲ ਜ਼ਿਲ੍ਹੇ ਵਿਚ ਪੰਜ ਮੋਰ ਮਰੇ ਹੋਏ ਪਾਏ ਗਏ ਹਨ।
Rajasthan News: ਰਾਜਸਥਾਨ ਵਿਚ ਭਿਆਨਕ ਗਰਮੀ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਹੀਟ ਸਟ੍ਰੋਕ ਕਾਰਨ ਪੰਜ ਮੌਤਾਂ ਹੋਣ ਦੀ ਖਬਰ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਬਾੜਮੇਰ ਵਿਚ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜੋ ਇਸ ਗਰਮੀ ਦੇ ਮੌਸਮ ਵਿਚ ਸੱਭ ਤੋਂ ਵੱਧ ਹੈ। ਅਧਿਕਾਰੀਆਂ ਨੇ ਦਸਿਆ ਕਿ ਖੈਰਥਲ ਜ਼ਿਲ੍ਹੇ ਵਿਚ ਪੰਜ ਮੋਰ ਮਰੇ ਹੋਏ ਪਾਏ ਗਏ ਹਨ।
ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿਚ ਸਖ਼ਤ ਗਰਮੀ ਯਾਨੀ 'ਰੈੱਡ ਅਲਰਟ' ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਬਾੜਮੇਰ ਸੱਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਫਲੋਦੀ 'ਚ ਵੱਧ ਤੋਂ ਵੱਧ ਤਾਪਮਾਨ 48.6 ਡਿਗਰੀ, ਫਤਿਹਪੁਰ 47.6 ਡਿਗਰੀ, ਜੈਸਲਮੇਰ 47.5 ਡਿਗਰੀ, ਜੋਧਪੁਰ 47.4 ਡਿਗਰੀ, ਜਾਲੌਰ 47.3 ਡਿਗਰੀ, ਕੋਟਾ 47.2 ਡਿਗਰੀ, ਚੁਰੂ 47 ਡਿਗਰੀ, ਡੂੰਗਰਪੁਰ 46.8 ਡਿਗਰੀ, ਬੀਕਾਨੇਰ 46.5 ਡਿਗਰੀ ਦਰਜ ਕੀਤਾ ਗਿਆ।
ਵਿਭਾਗ ਮੁਤਾਬਕ ਸੂਬੇ ਦੇ ਹੋਰਨਾਂ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਸੈਲਸੀਅਸ ਤੋਂ 42.2 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ। ਬੀਤੀ ਰਾਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ 34.6 ਡਿਗਰੀ ਸੈਲਸੀਅਸ ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਜਾਲੌਰ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ: ਰਮਾ ਸ਼ੰਕਰ ਭਾਰਤੀ ਨੇ ਦਸਿਆ ਕਿ ਵੱਖ-ਵੱਖ ਥਾਵਾਂ ਤੋਂ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਜਲੌਰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ, "ਮੌਤ ਗਰਮੀ ਦੇ ਦੌਰੇ ਕਾਰਨ ਹੋ ਸਕਦੀ ਹੈ।" ਅਸਲ ਕਾਰਨ ਪੋਸਟਮਾਰਟਮ ਰਿਪੋਰਟ 'ਚ ਹੀ ਪਤਾ ਲੱਗੇਗਾ। ਬਲੋਤਰਾ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ 'ਚ ਬਾੜਮੇਰ ਰਿਫਾਇਨਰੀ 'ਚ ਕੰਮ ਕਰਦੇ ਦੋ ਨੌਜਵਾਨ ਸਾਹਿੰਦਰ ਸਿੰਘ (41) ਅਤੇ ਸੁਰੇਸ਼ ਯਾਦਵ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਦਸਿਆ ਕਿ ਸਾਹਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸੁਰੇਸ਼ ਯਾਦਵ ਦਾ ਇਲਾਜ ਚੱਲ ਰਿਹਾ ਹੈ।
ਖੈਰਥਲ ਜ਼ਿਲ੍ਹੇ ਦੇ ਪਿੰਡ ਇਸਮਾਈਲਪੁਰ 'ਚ 5 ਮੋਰ ਮਰੇ ਹੋਏ ਮਿਲੇ ਹਨ ਅਤੇ ਇਸ ਦਾ ਕਾਰਨ ਅੱਤ ਦੀ ਗਰਮੀ ਦਸਿਆ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਲੋਕਾਂ ਨੂੰ ਇਸ ਕਹਿਰ ਦੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਅਗਲੇ 72 ਘੰਟਿਆਂ ਦੌਰਾਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਅਗਲੇ ਪੰਜ ਦਿਨਾਂ ਤਕ ਸੂਬੇ ਵਿਚ ਕਈ ਥਾਵਾਂ 'ਤੇ ਤੇਜ਼ ਗਰਮੀ ਅਤੇ ਗਰਮ ਰਾਤਾਂ ਜਾਰੀ ਰਹਿਣਗੀਆਂ। ਵਿਭਾਗ ਨੇ ਇਸ ਦੇ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ।
(For more Punjabi news apart from Heat wave claims 5 lives in Rajasthan, stay tuned to Rozana Spokesman)