ਕੋਰੋਨਾ ਕਾਰਨ ਗਰੀਬੀ ਵਿਚ ਫਸ ਸਕਦੇ ਹਨ ਭਾਰਤ ਸਮੇਤ ਦੱਖਣੀ ਏਸ਼ੀਆ ਦੇ 12 ਕਰੋੜ ਬੱਚੇ- UNICEF

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ-19 ਸੰਕਟ ਕਾਰਨ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਰਹਿਣ ਵਾਲੇ ਅਨੁਮਾਨਤ 12 ਕਰੋੜ ਹੋਰ ਬੱਚੇ ਅਗਲੇ ਛੇ ਮਹੀਨਿਆਂ ਅੰਦਰ ਗਰੀਬੀ ਦੀ ਚਪੇਟ ਵਿਚ ਆ ਸਕਦੇ ਹਨ

Children

ਨਵੀਂ ਦਿੱਲੀ: ਕੋਵਿਡ-19 ਸੰਕਟ ਕਾਰਨ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਰਹਿਣ ਵਾਲੇ ਅਨੁਮਾਨਤ 12 ਕਰੋੜ ਹੋਰ ਬੱਚੇ ਅਗਲੇ ਛੇ ਮਹੀਨਿਆਂ ਅੰਦਰ ਗਰੀਬੀ ਦੀ ਚਪੇਟ ਵਿਚ ਆ ਸਕਦੇ ਹਨ, ਜਿਸ ਕਾਰਨ ਖੇਤਰ ਵਿਚ ਅਜਿਹੇ ਬੱਚਿਆਂ ਦੀ ਕੁੱਲ ਗਿਣਤੀ ਵਧ ਕੇ 36 ਕਰੋੜ ਹੋ ਜਾਵੇਗੀ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਬਾਲ ਐਮਰਜੈਂਸੀ ਫੰਡ (UNICEF) ਦੀ ਇਕ ਨਵੀਂ ਰਿਪੋਰਟ ਵਿਚ ਦਿੱਤੀ ਗਈ ਹੈ।

ਇਸ ਰਿਪੋਰਟ ਵਿਚ ਦੱਖਣੀ ਏਸ਼ੀਆ ਦੇ 8 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਨਾਂ ਵਿਚ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਮਾਲਦੀਵ ਅਤੇ ਸ੍ਰੀਲੰਕਾ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਦੇਸ਼ਾਂ ਵਿਚ ਅਨੁਮਾਨਤ 24 ਕਰੋੜ ਬੱਚੇ ਪਹਿਲਾਂ ਤੋਂ ਹੀ ਗਰੀਬੀ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚ ਖ਼ਰਾਬ ਸਿਹਤ, ਸਿੱਖਿਆ ਦੀ ਕਮੀ, ਸਫਾਈ ਦੀ ਕਮੀ ਅਤੇ ਕੰਮ ਦੀ ਖ਼ਰਾਬ ਗੁਣਵੱਤਾ ਆਦਿ ਕਾਰਕ ਸ਼ਾਮਲ ਹਨ।

ਰਿਪੋਰਟ ਵਿਚ ਟੀਕਾਕਰਨ, ਪੋਸ਼ਣ ਅਤੇ ਹੋਰ ਜ਼ਰੂਰੀ ਸਿਹਤ ਸੇਵਾਵਾਂ ਵਿਚ ਕੋਵਿਡ-19 ਕਾਰਨ ਆਈ ਰੁਕਾਵਟ ਦੇ ਨਕਾਰਾਤਮਕ ਪ੍ਰਭਾਵ ਨੂੰ ਵੀ ਦਰਸਾਇਆ ਗਿਆ ਹੈ। ਰਿਪੋਰਟ ਵਿਚ ਇਕ ਖੋਜ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ, ਸਭ ਤੋਂ ਖਰਾਬ ਸਥਿਤੀ ਵਿਚ ਦੱਖਣੀ ਏਸ਼ੀਆ ਵਿਚ ਅਗਲੇ 12 ਮਹੀਨਿਆਂ ਵਿਚ ਪੰਜ ਸਾਲ ਜਾਂ ਉਸ ਤੋਂ ਘੱਟ ਉਮਰ ਦੇ 8,81,000 ਬੱਚਿਆਂ ਅਤੇ 36000 ਮਾਤਾਵਾਂ ਦੀਆਂ ਹੋਰ ਮੌਤਾਂ ਹੋ ਸਕਦੀਆਂ ਹਨ।

ਇਹਨਾਂ ਵਿਚ ਜ਼ਿਆਦਾਤਰ ਮੌਤਾਂ ਭਾਰਤ ਅਤੇ ਪਾਕਿਸਤਾਨ ਵਿਚ ਹੋਣਗੀਆਂ। ਹਾਲਾਂਕਿ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚ ਵੀ ਜ਼ਿਆਦਾ ਮੌਤ ਦਰ ਦਾ ਪੱਧਰ ਦੇਖਿਆ ਜਾ ਸਕਦਾ ਹੈ। ਯੂਨੀਸੈਫ ਇੰਡੀਆ ਦੀ ਪ੍ਰਤੀਨਿਧੀ ਯਾਸਮੀਨ ਹੱਕ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਮੁੱਢਲੀਆਂ ਜਰੂਰੀ ਸੇਵਾਵਾਂ ਸ਼ੁਰੂ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ, ਸਾਨੂੰ ਬੱਚਿਆਂ ਲਈ ਮੁੱਢਲੀਆਂ ਸੇਵਾਵਾਂ ਜਲਦ ਤੋਂ ਜਲਦ ਵਧਾਉਣੀਆਂ ਪੈਣਗੀਆਂ। ਭਾਰਤ ਵਿਚ ਕੁਪੋਸ਼ਣ ਪਹਿਲਾਂ ਤੋਂ ਹੀ ਇਕ ਸਮੱਸਿਆ ਹੈ ਅਤੇ ਅਸੀਂ ਪੋਸ਼ਣ ਮੁਹਿੰਮ ਵਿਚ ਕਾਫੀ ਊਰਜਾ ਦੇਖੀ ਹੈ।