ਬਾਲੀਵੁੱਡ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਇਕ IPS ਅਫ਼ਸਰ, ਹੁਣ ਬਣੀ SP

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਮਵਾਰ ਨੂੰ ਆਈਪੀਐਸ ਅਫ਼ਸਰਾਂ ਦੇ ਤਬਾਦਲੇ ਹੋਏ ਤਾਂ ਉਹਨਾਂ ਵਿਚੋਂ ਇਕ ਨਾਮ ਸਭ ਤੋਂ ਜ਼ਿਆਦਾ ਚਰਚਾ ਵਿਚ ਰਿਹਾ

Simala Prasad

ਭੋਪਾਲ:ਮੱਧ ਪ੍ਰਦੇਸ਼ ਵਿਚ ਸੋਮਵਾਰ ਨੂੰ ਆਈਪੀਐਸ ਅਫ਼ਸਰਾਂ ਦੇ ਤਬਾਦਲੇ ਹੋਏ ਤਾਂ ਉਹਨਾਂ ਵਿਚੋਂ ਇਕ ਨਾਮ ਸਭ ਤੋਂ ਜ਼ਿਆਦਾ ਚਰਚਾ ਵਿਚ ਰਿਹਾ ਤੇ ਉਹ ਨਾਮ ਹੈ ਆਈਪੀਐਸ ਸੀਮਾਲਾ ਪ੍ਰਸਾਦ। ਉਹਨਾਂ ਦੀ ਚਰਚਾ ਪੁਲਿਸ ਮਹਿਕਮੇ ਵਿਚ ਵੱਖਰੇ ਕੰਮ ਕਰਕੇ ਤਾਂ ਹੈ ਹੀ ਪਰ ਇਸ ਤੋਂ ਇਲਾਵਾ ਉਹਨਾਂ ਦਾ ਬਾਲੀਵੁੱਡ ਕਨੈਕਸ਼ਨ ਵੀ ਉਹਨਾਂ ਨੂੰ ਹੋਰਨਾਂ ਨਾਲੋਂ ਵੱਖਰਾ ਦਰਸਾਉਂਦਾ ਹੈ।

ਦੱਸ ਦਈਏ ਕਿ ਸੀਮਾਲਾ ਪ੍ਰਦਾਸ 2011 ਬੈਚ ਦੀ ਆਈਪੀਐਸ ਅਫ਼ਸਰ ਹੈ। ਇਸ ਤੋਂ ਪਹਿਲਾਂ ਉਹ ਐਮਪੀ ਪੀਐਸਸੀ ਵਿਚ ਸਲੈਕਟ ਹੋ ਕੇ ਡੀਐਸਪੀ ਵੀ ਬਣੀ ਪਰ ਉਹਨਾਂ ਨੂੰ ਕੁੱਝ ਵੱਖਰਾ ਕਰਨਾ ਪਸੰਦ ਸੀ, ਇਸ ਲਈ ਉਹਨਾਂ ਨੇ ਸਿਵਲ ਸਰਵਿਸ ਦੀ ਤਿਆਰੀ ਕੀਤੀ ਅਤੇ 2011 ਬੈਚ ਦੀ ਆਈਪੀਐਸ ਅਫ਼ਸਰ ਬਣੀ।

ਆਈਏਐਸ ਅਧਿਕਾਰੀ ਅਤੇ ਸੰਸਦ ਮੈਂਬਰ ਡਾਕਟਰ ਭਾਗੀਰਥ ਪ੍ਰਸਾਦ ਅਤੇ ਸਹਿਤਕਾਰ ਮੇਹਰੂਨਿਸਾ ਪਰਵੇਜ਼ ਦੀ ਬੇਟੀ ਸੀਮਾਲਾ ਨੂੰ ਰਾਜਨੀਤਿਕ ਤਜ਼ਰਬਾ ਅਤੇ ਅਦਾਕਾਰੀ ਦੀਆਂ ਕਲਾਵਾਂ ਵਿਰਾਸਤ ਵਿਚ ਮਿਲੀਆਂ, ਜਿਸ ਦੀ ਛਾਪ ਉਹਨਾਂ ਦੇ ਜੀਵਨ ‘ਤੇ ਰਹੀ।  ਪਹਿਲੀ ਪਰੀਖਿਆ ਵਿਚ ਹੀ ਪੀਐਸਸੀ ਵਿਚ ਉਹ ਸਲੈਕਟ ਹੋ ਗਈ ਅਤੇ ਉਹਨਾਂ ਦੀ ਪਹਿਲੀ ਨਿਯੁਕਤੀ ਡੀਐਸਪੀ ਦੇ ਰੂਪ ਵਿਚ ਹੋਈ। 

ਆਈਪੀਐਸ ਬਣਨ ਤੋਂ ਬਾਅਦ ਵੀ ਉਹਨਾਂ ਨੇ ਫਿਲਮਾਂ ਵਿਚ ਅਦਾਕਾਰੀ ਕੀਤੀ। ਉਹਨਾਂ ਨੇ ਡਾਇਰੈਕਟਰ ਜੈਗਮ ਈਮਾਮ ਦੀ ਫਿਲਮ ‘ਅਲਿਫ’ ਵਿਚ ਇਕ ਭੂਮਿਕਾ ਨਿਭਾਈ। ਇਹ ਫਿਲਮ ਨਵੰਬਰ 2016 ਵਿਚ ਅਸਟ੍ਰੇਲੀਆ ਵਿਚ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਕਵੀਂਸਲੈਂਡ ਵਿਚ ਬਤੌਰ ਵਰਲਡ ਪ੍ਰੀਮੀਅਰ ਪ੍ਰਦਰਸ਼ਿਤ ਹੋਈ ਅਤੇ ਫਰਵਰੀ 2017 ਵਿਚ ਰਿਲੀਜ਼ ਹੋਈ ਸੀ।