ਇਸ ਵਾਰ ਕਿਵੇਂ ਮਨਾਇਆ ਜਾਵੇਗਾ ਅਜ਼ਾਦੀ ਦਿਹਾੜਾ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਨਿਰਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜ਼ਾਦੀ ਦਾ ਦਿਹਾੜਾ 15 ਅਗਸਤ ਨੂੰ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ।

Independence Day

ਨਵੀਂ ਦਿੱਲੀ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜ਼ਾਦੀ ਦਾ ਦਿਹਾੜਾ 15 ਅਗਸਤ ਨੂੰ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਵੇਗਾ। ਹਾਲਾਂਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਜ਼ਾਦੀ ਦਿਵਸ ਮਨਾਉਣ ਦੌਰਾਨ ਜ਼ਰੂਰੀ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ, ਸੈਨੇਟਾਈਜ਼ੇਸ਼ਨ, ਭਾਰੀ ਇਕੱਠ ਨਾ ਹੋਣਾ ਆਦਿ। ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19 ਨਾਲ ਸਬੰਧਤ  ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।

ਮੰਤਰਾਲੇ ਅਨੁਸਾਰ ਸਵੇਰੇ 9 ਵਜੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ, ਰਾਸ਼ਟਰ ਗਾਨ ਵੱਜੇਗਾ, ਪ੍ਰਧਾਨ ਮੰਤਰੀ ਵੱਲੋਂ ਅਜ਼ਾਦੀ ਦਿਵਸ ਦਾ ਭਾਸ਼ਣ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਨੂੰ ਅਸਮਾਨ ਵਿਚ ਗੁਬਾਰੇ ਛੱਡੇ ਜਾਣਗੇ। 15 ਅਗਸਤ ਦੀ ਦੁਪਹਿਰ ਨੂੰ ਰਾਸ਼ਟਰਪਤੀ ਭਵਨ ਵਿਚ ਜੋ ਪ੍ਰੋਗਰਾਮ ਹੁੰਦਾ ਹੈ ਉਸ ਵਿਚ ਵੀ ਨਿਯਮਾਂ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ।

ਇਸ ਵਾਰ ਅਜ਼ਾਦੀ ਦਿਵਸ ਦੀ ਥੀਮ ਕੋਰੋਨਾ ਯੋਧਿਆਂ ਨੂੰ ਸਮਰਪਿਤ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ 15 ਅਗਸਤ ਸਬੰਧੀ ਨਿਰਦੇਸ਼ ਭੇਜ ਦਿੱਤੇ ਹਨ। ਅਜ਼ਾਦੀ ਦਿਵਸ ਦੇ ਸਮਾਰੋਹ ਦੌਰਾਨ ਸਕੂਲੀ ਬੱਚੇ ਨਜ਼ਰ ਨਹੀਂ ਆਉਣਗੇ।

ਕੋਰੋਨਾ ਸੰਕਟ ਦੇ ਚਲਦਿਆਂ ਜ਼ਿਆਦਾ ਲੋਕਾਂ ਨੂੰ ਬੁਲਾਉਣ ‘ਤੇ ਰੋਕ ਰਹੇਗੀ। ਇਸ ਦੇ ਨਾਲ ਹੀ ਕੋਰੋਨਾ ਖਿਲਾਫ ਜੰਗ ਵਿਚ ਡਟੇ ਕੋਰੋਨਾ ਯੋਧਿਆਂ ਨੂੰ ਖ਼ਾਸ ਸੱਦਾ ਭੇਜਿਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਅਪਣੀ ਐਡਵਾਇਜ਼ਰੀ ਵਿਚ ਕਿਹਾ ਹੈ ਕਿ ਆਤਮ ਨਿਰਭਰ ਭਾਰਤ ਮੁਹਿੰਮ ਥੀਮ ‘ਤੇ ਫੋਕਸ ਕੀਤਾ ਜਾਵੇ।