ਮਹਾਰਾਸ਼ਟਰ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 2 ਦਿਨ 'ਚ 129 ਲੋਕਾਂ ਦੀ ਮੌਤ, ਕਈ ਲੋਕ ਮਲਬੇ ਹੇਠ ਦਬੇ
ਮੀਂਹ ਨਾਲ ਪ੍ਰਭਾਵਿਤ ਪੁਣੇ ਵਿਚ ਪਿਛਲੇ ਦੋ ਦਿਨਾਂ ਵਿਚ 84,452 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ
ਮੁੰਬਈ - ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਵਿਚ ਪਏ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰੀ ਬਾਰਸ਼ ਨੇ ਸੂਬੇ ਦੇ ਲੋਕਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਇਸ ਕਾਰਨ ਪਿਛਲੇ ਦੋ ਦਿਨਾਂ ਵਿਚ 129 ਲੋਕਾਂ ਦੀਆਂ ਜਾਨਾਂ ਗਈਆਂ ਹਨ। ਪਿਛਲੇ 24 ਘੰਟਿਆਂ ਵਿਚ ਰਾਏਗੜ, ਰਤਨਾਗਿਰੀ ਅਤੇ ਸਤਾਰਾ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਵਿਚ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ।
ਐਨਡੀਆਰਐਫ ਅਤੇ ਐਸਡੀਆਰਐਫ ਤੋਂ ਇਲਾਵਾ, ਨੇਵੀ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦਾ ਮੋਰਚਾ ਸੰਭਾਲ ਲਿਆ ਹੈ। ਮੀਂਹ ਨਾਲ ਪ੍ਰਭਾਵਿਤ ਪੁਣੇ ਵਿਚ ਪਿਛਲੇ ਦੋ ਦਿਨਾਂ ਵਿਚ 84,452 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ ਹੈ। ਐਨਡੀਆਰਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਐਨਡੀਆਰਐਫ ਦੀ ਟੀਮ ਨੇ ਕੋਲਹਾਪੁਰ ਵਿਚ ਲੋਕਾਂ ਨੂੰ ਖਾਣਾ ਵੀ ਵੰਡਿਆ।
ਇਹ ਵੀ ਪੜ੍ਹੋ - ਓਲੰਪਿਕ ਵਿਚ ਵੱਧ ਉਮਰ ਦੇ ਖਿਡਾਰੀਆਂ ਲਈ ਉਮਰ ਸਿਰਫ਼ ਇਕ ਅੰਕੜਾਂ
ਮਹਾਰਾਸ਼ਟਰ ਦੇ ਪੱਛਮੀਤੱਟ ਕੋਂਕਣ, ਰਾਏਗੜ੍ਹ ਅਤੇ ਪੱਥਮੀ ਮਹਾਰਾਸ਼ਟਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸੇ ਖੇਤਰ ਵਿਚ ਸਥਿਤ ਪ੍ਰਸਿੱਧ ਸੈਰ-ਸਪਾਟਾ ਸਥਾਨ ਮਹਾਬਲੇਸ਼ਵਰ ਵਿਚ ਪਿਛਲੇ ਤਿੰਨ ਦਿਨਾਂ ਵਿੱਚ 1500 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਰਤਨਾਗਿਰੀ ਜ਼ਿਲ੍ਹੇ ਦੇ ਚਿਪਲੂਨ ਕਸਬੇ ਦਾ ਇੱਕ ਵੱਡਾ ਹਿੱਸਾ ਵੀਰਵਾਰ ਨੂੰ ਭਾਰੀ ਬਾਰਸ਼ ਕਾਰਨ ਡੁੱਬ ਗਿਆ।
ਸ਼ੁੱਕਰਵਾਰ ਨੂੰ ਚਿੱਪਲੂਨ ਵਿਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਉਥੇ ਹੋਏ ਨੁਕਸਾਨ ਦੀ ਤੀਬਰਤਾ ਦਿਖਾਈ ਦਿੱਤੀ। ਬਹੁਤ ਸਾਰੇ ਇਲਾਕਿਆਂ ਵਿਚ ਪਹਾੜਾਂ ਉੱਤੇ ਜ਼ਮੀਨ ਖਿਸਕਣ ਕਾਰਨ ਸੌ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜ਼ਮੀਨ ਖਿਸਕਣ ਤੋਂ ਇਲਾਵਾ ਹੜ੍ਹ ਦੇ ਤੇਜ਼ ਵਹਾਅ ਵਿਚ ਬਹੁਤ ਸਾਰੇ ਲੋਕ ਰੁੜ ਗਏ ਹਨ।
ਇਹ ਵੀ ਪੜ੍ਹੋ - ਮੁੰਬਈ 'ਚ ਮੀਂਹ ਨਾਲ ਡਿੱਗੀ ਇਮਾਰਤ, 7 ਲੋਕਾਂ ਦੀ ਹੋਈ ਮੌਤ
ਰਾਏਗੜ ਦੇ ਤੱਟਵਰਤੀ ਜ਼ਿਲੇ ਵਿਚ ਪਿੰਡ ਦੇ ਉਜੜ ਜਾਣ ਤੋਂ ਬਾਅਦ ਹੁਣ ਤੱਕ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸੇ ਸਮੇਂ ਮੁੰਬਈ ਵਿੱਚ ਇੱਕ ਘਰ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਸਤਾਰਾ ਅਤੇ ਰਾਏਗੜ ਵਿਚ ਵੱਖ-ਵੱਖ ਘਟਨਾਵਾਂ ਵਿਚ 28 ਲੋਕਾਂ ਦੀ ਜਾਨ ਚਲੀ ਗਈ। ਭਾਰੀ ਬਾਰਸ਼ ਨੇ ਮਹਾਬਲੇਸ਼ਵਰ, ਨਵਾਜਾ, ਰਤਨਗਿਰੀ, ਕੋਲਹਾਪੁਰ ਵਿੱਚ ਹੜ੍ਹਾਂ ਦਾ ਰੂਪ ਧਾਰ ਲਿਆ ਅਤੇ ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰ ਦੁਆਰਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਰਾਹਤ ਕਾਰਜ ਵਿਚ ਜੁਟੀ ਐੱਨਡੀਆਰੈੱਫ ਦੀ ਟੀਮ ਦੇ ਨਾਲ ਜਲ ਸੈਨਾ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡਿਪਟੀ ਸੀਐਮ ਅਜੀਤ ਪਵਾਰ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੈਨਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।