ਖੁਦਾਈ ਦੌਰਾਨ ਆਦਿਵਾਸੀਆਂ ਨੂੰ ਲਭਿਆ ਖਜ਼ਾਨਾ, ਪੁਲਿਸ ਵਾਲਿਆਂ ਨੇ ਲੁਟਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

240 ਸੋਨੇ ਦੇ ਸਿੱਕੇ ਚੋਰੀ ਕਰਨ ਦੇ ਦੋਸ਼ ਹੇਠ ਚਾਰ ਪੁਲਿਸ ਮੁਲਾਜ਼ਮ ਮੁਅੱਤਲ, ਮਾਮਲਾ ਦਰਜ

photo

 

ਅਲੀਰਾਜਪੁਰ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ’ਚ ਇਕ ਆਦਿਵਾਸੀ ਪਰਵਾਰ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਦੇ ਘਰੋਂ 240 ਸੋਨੇ ਦੇ ਸਿੱਕੇ ਚੋਰੀ ਕਰਨ ਦੇ ਦੋਸ਼ ’ਚ ਚਾਰ ਪੁਲਿਸ ਮੁਲਾਜ਼ਮਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਇਕ ਪੁਲਿਸ ਮੁਲਾਜ਼ਮ ਨੇ ਐਤਵਾਰ ਨੂੰ ਦਿਤੀ।
ਅਲੀਰਾਜਪੁਰ ਜ਼ਿਲ੍ਹੇ ਦੇ ਪੁਲਿਸ ਸੂਪਰਡੈਂਟ ਹੰਸਰਾਜ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਚਾਰੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ, ਜਿਨ੍ਹਾਂ ’ਚ ਸੋਂਡਵਾ ਪੁਲਿਸ ਥਾਣੇ ਦੇ ਇੰਚਾਰਜ ਅਤੇ ਤਿੰਨ ਕਾਂਸਟੇਬਲ ਸ਼ਾਮਲ ਹਨ।

ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਇਸ ਆਦਿਵਾਸੀ ਪਰਵਾਰ ਕੋਲ ਸੋਨੇ ਦੇ ਸਿੱਕੇ ਕਿੱਥੋਂ ਆਏ ਤਾਂ ਹੰਸਰਾਜ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਦਾਅਵੇ ਅਨੁਸਾਰ ਉਨ੍ਹਾਂ ਨੂੰ ਗੁਜਰਾਤ ’ਚ ਮਜ਼ਦੂਰੀ ਕਰਨ ਦੌਰਾਨ ਖੁਦਾਈ ’ਚ ਇਹ ਸਿੱਕੇ ਮਿਲੇ ਸਨ ਅਤੇ ਉਨ੍ਹਾਂ ਨੇ ਉਥੋਂ ਪਰਤਣ ’ਤੇ ਅਪਣੇ ਘਰ ’ਚ ਕੁਝ ਥਾਵਾਂ ’ਤੇ ਜ਼ਮੀਨ ਹੇਠਾਂ ਇਨ੍ਹਾਂ ਸਿੱਕਿਆਂ ਨੂੰ ਲੁਕਾ ਦਿਤਾ ਸੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਚਾਰੇ ਪੁਲਿਸ ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਐਫ਼.ਆਈ.ਆਰ. ਅਨੁਸਾਰ ਸਿਰਫ਼ ਕਾਂਸਟੇਬਲ ਨਾਮਜ਼ਦ ਮੁਲਜ਼ਮ ਹਨ ਅਤੇ ਤਿੰਨ ਹੋਰ ਅਣਪਛਾਤੇ ਪੁਲਿਸ ਮੁਲਾਜ਼ਮ ਹਨ।

ਹੰਸਰਾਜ ਸਿੰਘ ਨੇ ਕਿਹਾ ਕਿ 20 ਜੁਲਾਈ ਦੀ ਸ਼ਾਮ ਨੂੰ ਬੈਜੜਾ ਪਿੰਡ ਦੇ ਵਾਸੀ ਸ਼ੰਭੂ ਸਿੰਘ (52) ਨੇ ਸ਼ਿਕਾਇਤ ਕਰਜ ਕਰਵਾਈ ਸੀ ਕਿ 19 ਜੁਲਾਈ ਦੀ ਸਵੇਰ 11 ਵਜੇ ਸੋਂਡਵਾ ਥਾਣੇ ਦੇ ਚਾਰ ਪੁਲਿਸ ਮੁਲਾਜ਼ਮ ਉਸ ਦੇ ਘਰ ਆਏ ਅਤੇ ਘਰ ’ਚ ਮੌਜੂਦ ਉਸ ਦੀ ਪਤਨੀ ਰਮਕੂਬਾਈ (51) ਨੂੰ ਕੁਟਮਾਰ ਕੇ ਘਰ ਅੰਦਰ ਰੱਖੇ 240 ਸੋਨੇ ਦੇ ਸਿੱਕੇ ਲੈ ਕੇ ਚਲੇ ਗਏ।

ਬੈਜਦਾ ਪਿੰਡ ਜ਼ਿਲ੍ਹਾ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਹੈ। ਪੁਲਿਸ ਸੂਪਰਡੈਂਟ ਨੇ ਕਿਹਾ ਕਿ 21 ਜੁਲਾਈ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪ੍ਰਵਾਰ ਨੇ ਅਪਣੇ ਪੂਰੇ ਬਿਆਨ ’ਚ ਪੁਲਿਸ ਸੂਪਰਡੈਂਟ ਸਮੇਤ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਦਾ ਨਾਂ ਲਿਆ। ਹੰਸਰਾਜ ਸਿੰਘ ਨੇ ਕਿਹਾ ਕਿ 20 ਜੁਲਾਈ ਨੂੰ ਉਨ੍ਹਾਂ ਨੇ ਅਪਣੀ ਸ਼ਿਕਾਇਤ ’ਚ ਸਿਰਫ਼ ਇਕ ਕਾਂਸਟੇਬਲ ਦਾ ਨਾਂ ਲਿਆ, ਜਿਸ ’ਤੇ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਅਲੀਰਾਜਪੁਰ, ਸਬ-ਡਿਵੀਜ਼ਨਲ ਅਫ਼ਸਰ ਪੁਲਿਸ (ਐਸ.ਡੀ.ਓ.ਪੀ.) ਸ਼ਰਧਾ ਸੋਨਕਰ ਨੇ ਇਸ ਦੀ ਐਫ਼.ਆਈ.ਆਰ. ਜਾਂਚ ਕਰਵਾਈ ਜਿਸ ’ਚ ਇਸ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਅਤੇ ਸੋਂਡਵਾ ਪੁਲਿਸ ਥਾਣੇ ’ਚ ਐਫ਼.ਆਈ.ਆਰ. ਦਰਜ ਹੋਈ।

ਅਲੀਰਾਜਪੁਰ ਦੇ ਸਾਬਕਾ ਵਿਧਾਇਕ ਨਾਗਰ ਸਿੰਘ ਚੌਹਾਨ ਨੇ ਐਤਵਾਰ ਨੂੰ ਦੋ ਘੰਟਿਆਂ ਤਕ ਸੋਂਡਵਾ ਪੁਲਿਸ ਥਾਣੇ ਦੀ ਘੇਰਾਬੰਦੀ ਕੀਤੀ ਅਤੇ ਮੰਗ ਕੀਤੀ ਕਿ ਚਾਰੇ ਪੁਲਿਸ ਮੁਲਾਜ਼ਮਾਂ ’ਤੇ ਚੋਰੀ ਦੀ ਬਜਾਏ ਲੁੱਟ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਕੋਲੋਂ ਸੋਨੇ ਦੇ ਸਿੱਕੇ ਬਰਾਮਦ ਕੀਤੇ ਜਾਣ।
ਭਾਜਪਾ ਦੇ ਵਿਰੋਧ ਪ੍ਰਦਰਸ਼ਨ ਬਾਰੇ ਪੁੱਛੇ ਜਾਣ ’ਤੇ ਪੁਲਿਸ ਸੂਪਰਡੈਂਟ ਹੰਸਰਾਜ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਸਬੂਤਾਂ ਦੇ ਆਧਾਰ ’ਤੇ ਕੀਤੀਆਂ ਜਾਂਦੀਆਂ ਹਨ, ਜੋ ਇਕੱਠੇ ਕੀਤੇ ਜਾ ਰਹੇ ਹਨ।

ਸੋਨੇ ਦੇ ਸਿੱਕਿਆਂ ਦੇ ਭਾਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਇਕ ਸਿੱਕਾ ਲਿਆਇਆ ਸੀ। ਉਸ ਸਿੱਕੇ ਦਾ ਭਾਰ 7.98 ਗ੍ਰਾਮ ਸੀ। ਇਹ ਸੋਨਾ 90 ਫ਼ੀ ਸਦੀ ਸ਼ੁੱਧ ਸੀ ਅਤੇ 1922 ਦੇ ਬ੍ਰਿਟਿਸ਼ ਯੁਗ ਦਾ ਪ੍ਰਾਚੀਨ ਸਿੱਕਾ ਸੀ।