ਹੁਣ ਪੰਛੀਆਂ ਤੇ ਜਾਨਵਰਾਂ ਨੇ ਸੰਭਾਲਿਆ ਵਾਤਾਵਰਣ ਬਚਾਉਣ ਦਾ ਮੋਰਚਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਵੀਡੀਓ ਵਿਚ ਇਕ ਕਾਂ ਬੜੀ ਸਮਝਦਾਰੀ ਨਾਲ ਸੜਕ ਕਿਨਾਰੇ ਡਿੱਗੀ ਪਲਾਸਟਿਕ ਦੀ ਬੋਤਲ ਨੂੰ ਚੁੱਕ ਕੇ ਡਸਟਬਿਨ ਵਿਚ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

Animals save environment

ਚੰਡੀਗੜ੍ਹ:  ਮਨੁੱਖ ਵਾਤਾਵਰਣ ਸੰਭਾਲ ਨੂੰ ਲੈ ਕੇ ਰੱਤੀ ਭਰ ਵੀ ਗੰਭੀਰ ਨਹੀਂ, ਮਨੁੱਖ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖ ਹੁਣ ਪੰਛੀ ਅਤੇ ਜਾਨਵਰ ਹੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆ ਰਹੇ ਜਾਪਦੇ ਹਨ ਕਿਉਂਕਿ ਪਿਛਲੇ ਕੁੱਝ ਸਮੇਂ ਦੌਰਾਨ ਵਿਸ਼ਵ ਭਰ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਵਿਚ ਪੰਛੀਆਂ ਅਤੇ ਜਾਨਵਰਾਂ ਨੂੰ ਵਾਤਾਵਰਣ ਸੰਭਾਲ ਲਈ ਜੂਝਦੇ ਦੇਖਿਆ ਗਿਆ ਹੈ।

ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਕ ਕਾਂ ਬੜੀ ਸਮਝਦਾਰੀ ਨਾਲ ਸੜਕ ਕਿਨਾਰੇ ਡਿੱਗੀ ਪਲਾਸਟਿਕ ਦੀ ਬੋਤਲ ਨੂੰ ਚੁੱਕ ਕੇ ਡਸਟਬਿਨ ਵਿਚ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।  ਨਾ ਸਮਝਾਂ ਲਈ ਇਹ ਇਕ ਮਹਿਜ਼ ਵੀਡੀਓ ਹੈ ਜਦਕਿ ਸਮਝਦਾਰਾਂ ਲਈ ਇਹ ਇਕ ਵੱਡਾ ਸੰਦੇਸ਼ ਹੈ, ਜਿਸ 'ਤੇ ਸਾਰਿਆਂ ਨੂੰ ਅਮਲ ਕਰਨ ਦੀ ਲੋੜ ਹੈ।

 


 

ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਲੋਕਾਂ ਵੱਲੋਂ ਵੀਡੀਓ ਦੇ ਨਾਲ ਕੁਮੈਂਟ ਕੀਤੇ ਜਾ ਰਹੇ ਹਨ ਕਿ ''ਜੇਕਰ ਇਕ ਕਾਂ ਅਜਿਹਾ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ?'' ਇਸ ਵੀਡੀਓ ਨੂੰ ਆਈਐਫਐਸ ਅਫ਼ਸਰ ਸੁਸ਼ਾਂਤ ਨੰਦਾ ਵੱਲੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤਕ ਕਈ ਹਜ਼ਾਰ ਵਿਊਜ਼ ਅਤੇ ਲਾਈਕਸ, ਕੁਮੈਂਟ ਮਿਲ ਚੁੱਕੇ ਹਨ।

ਉਂਝ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿ ਕਿਸੇ ਪੰਛੀ ਜਾਂ ਜਾਨਵਰ ਵੱਲੋਂ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ ਹੋਵੇ। ਇਸ ਤੋਂ ਕੁੱਝ ਦਿਨ ਇਕ ਬਾਂਦਰ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜੋ ਪਾਣੀ ਪੀ ਕੇ ਬਹੁਤ ਹੀ ਸਮਝਦਾਰੀ ਨਾਲ ਟੂਟੀ ਬੰਦ ਕਰਦਾ ਨਜ਼ਰ ਆ ਰਿਹਾ ਸੀ ਜੋ ਉਨ੍ਹਾਂ ਲੋਕਾਂ ਲਈ ਵੱਡਾ ਸੰਦੇਸ਼ ਸੀ ਜੋ ਪਾਣੀ ਦੀ ਬੱਚਤ ਵੱਲ ਰੱਤੀ ਭਰ ਵੀ ਧਿਆਨ ਨਹੀਂ ਦਿੰਦੇ।

ਇੱਥੇ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਜਿਸ ਨੇ ਵਿਸ਼ਵ ਭਰ ਦੇ ਵਾਤਾਵਰਣ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦਰਅਸਲ ਇੰਡੋਨੇਸ਼ੀਆ ਦੇ ਸੁੰਗਈ ਪੁੱਤਰੀ ਜੰਗਲ ਦੇ ਇਕ ਹਿੱਸੇ ਵਿਚ ਮਸ਼ੀਨ ਨਾਲ ਰੁੱਖਾਂ ਨੂੰ ਧੜਾਧੜ ਕੱਟਿਆ ਜਾ ਰਿਹਾ ਸੀ।  ਕਈ ਲੋਕ ਵੱਢੇ ਹੋਏ ਦਰੱਖਤਾਂ ਨੂੰ ਚੁੱਕਣ ਵਿਚ ਲੱਗੇ ਹੋਏ ਸਨ। ਪਰ ਇਸ ਦੌਰਾਨ ਇਕ ਰੰਗੂਟਨ ਪਰੇਸ਼ਾਨੀ ਦੇ ਆਲਮ ਵਿਚ ਇੱਧਰ ਉਧਰ ਗੇੜੇ ਕੱਢ ਰਿਹਾ ਸੀ ਕਿ ਉਹ ਕਿਵੇਂ ਇਸ ਮਨੁੱਖ ਨੂੰ ਰੁੱਖ ਕੱਟਣ ਤੋਂ ਰੋਕ ਸਕੇ। ਆਖ਼ਰਕਾਰ ਉਸ ਨੇ ਅੱਗੇ ਹੋ ਕੇ ਰੁੱਖ ਕੱਟਣ ਵਾਲੀ ਮਸ਼ੀਨ ਦਾ 'ਖ਼ੂਨੀ ਪੰਜਾ' ਫੜ ਲਿਆ ਸੀ।

ਹੈਰਾਨੀ ਦੀ ਗੱਲ ਇਹ ਕੋਈ ਉਸ ਰੰਗੂਟਨ ਦਾ ਦਰਦ ਨਹੀਂ ਸਮਝ ਸਕਿਆ, ਹੋਰ ਤਾਂ ਹੋਰ ਮਸ਼ੀਨ ਦੇ ਡਰਾਈਵਰ ਨੇ ਉਸ ਨੂੰ ਰੋਕਣ ਲਈ ਮਸ਼ੀਨ ਦੀ ਵਰਤੋਂ ਕੀਤੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਵੀ ਹੋ ਗਿਆ ਸੀ।  ਇਸ ਵੀਡੀਓ ਨੂੰ ਇਨਸਾਨੀ ਕਰੂਰਤਾ ਦੀ ਵੱਡੀ ਮਿਸਾਲ ਵਜੋਂ ਦੇਖਿਆ ਜਾ ਸਕਦਾ ਹੈ। ਜੋ ਅਪਣੇ ਨਿੱਜੀ ਸਵਾਰਣ ਲਈ ਵਾਤਾਵਰਣ ਦਾ ਉਜਾੜਾ ਕਰਨ ਵਿਚ ਲੱਗਿਆ ਹੋਇਆ ਹੈ। ਧਰਤੀ 'ਤੇ ਰਹਿਣ ਵਾਲੇ ਹੋਰਨਾਂ ਜੀਵਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ। ਸ਼ਾਇਦ ਇਹੀ ਵਜ੍ਹਾ ਹੈ ਕਿ ਹੁਣ ਖ਼ੁਦ ਜਾਨਵਰ ਅਤੇ ਪੰਛੀ ਹੀ ਵਾਤਾਵਰਣ ਨੂੰ ਬਚਾਉਣ ਲਈ ਖ਼ੁਦ ਅੱਗੇ ਆ ਰਹੇ ਹਨ ਅਤੇ ਮਨੁੱਖ ਨੂੰ ਆਉਣ ਵਾਲੇ ਵੱਡੇ ਖ਼ਤਰੇ ਲਈ ਸੁਚੇਤ ਕਰ ਰਹੇ ਹਨ ਪਰ ਮਨੁੱਖ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ।