ਯੇਰੂਸ਼ਲਮ 'ਚ ਬਾਬਾ ਫ਼ਰੀਦ ਦੀ ਯਾਦਗਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ ਮਗਰੋਂ ਵੀ ਆਬਾਦ ਐ ਬਾਬਾ ਫ਼ਰੀਦ ਜੀ ਦੀ ਯਾਦਗਾਰ

baba farid ji

ਯੇਰੂਸ਼ਲਮ ਇਕ ਬਹੁਤ ਹੀ ਪੁਰਾਣਾ ਸ਼ਹਿਰ ਹੈ। ਯਹੂਦੀ, ਇਸਾਈ ਅਤੇ ਮੁਸਲਿਮ ਸਮਾਜ ਦਾ ਪਵਿੱਤਰ ਅਸਥਾਨ, ਜਿਸ ਨੂੰ ਆਮ ਤੌਰ 'ਤੇ 'ਹੋਲੀ ਲੈਂਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ।

ਇਹ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਇਸ ਪ੍ਰਾਚੀਨ ਸ਼ਹਿਰ ਦਾ ਇਕ ਛੋਟਾ ਜਿਹਾ ਕੋਨਾ ਸਦੀਆਂ ਤੋਂ ਭਾਰਤ ਨਾਲ ਜੁੜਿਆ ਰਿਹਾ। ਕੀ ਹੈ ਇਸ ਕੋਨੇ ਦਾ ਇਤਿਹਾਸ ਆਓ ਜਾਣਦੇ ਆਂ।

ਦਰਅਸਲ ਇਹ ਕੋਨਾ ਅਸਲ ਵਿਚ ਇਕ ਸਰਾਂ ਹੈ, ਜਿਸ ਨਾਲ ਬਾਬਾ ਫ਼ਰੀਦ ਜੀ ਦਾ ਇਤਿਹਾਸ ਜੁੜਿਆ ਹੋਇਆ। ਕਰੀਬ 800 ਸਾਲ ਪਹਿਲਾਂ ਬਾਬਾ ਫ਼ਰੀਦ ਜੀ ਇਸੇ ਸਰਾਂ ਵਿਚ ਆ ਕੇ ਠਹਿਰੇ ਸਨ ਅਤੇ ਇੱਥੇ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਬੈਠ ਕੇ ਇਬਾਦਤ ਕਰਦੇ ਸਨ। ਪਿਛਲੇ 100 ਸਾਲਾਂ ਤੋਂ ਇਸ ਇਤਿਹਾਸਕ ਸਰਾਂ ਦੀ ਦੇਖਭਾਲ ਭਾਰਤ ਦੇ ਇਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਉਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਏ।

ਕਰੀਬ 800 ਸਾਲ ਤੋਂ ਵੀ ਪਹਿਲਾਂ ਸੁਲਤਾਨ ਸਲਾਹੂਦੀਨ ਅਯੂਬ ਨੇ ਇਸ ਸ਼ਹਿਰ 'ਤੇ ਕਬਜ਼ਾ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਇਸ ਸ਼ਹਿਰ 'ਤੇ ਇਸਾਈਆਂ ਦਾ ਸ਼ਾਸਨ ਸੀ। ਸਲਾਹੂਦੀਨ ਅਯੂਬ ਨੇ ਇਸ ਸ਼ਹਿਰ ਨੂੰ ਇਕ ਇਸਲਾਮੀ ਮਾਹੌਲ ਦੇਣ ਲਈ ਮੁਸਲਿਮ ਸੂਫ਼ੀਆਂ ਅਤੇ ਦਰਵੇਸ਼ਾਂ ਨੂੰ ਇੱਥੇ ਆ ਕੇ ਰਹਿਣ ਦਾ ਸੱਦਾ ਦਿੱਤਾ ਸੀ।

ਜਿਸ ਤੋਂ ਬਾਅਦ ਇੱਥੇ ਬਹੁਤ ਸਾਰੇ ਸੂਫ਼ੀ ਦਰਵੇਸ਼ ਆਏ, ਜਿਨ੍ਹਾਂ ਵਿਚ ਬਾਬਾ ਫ਼ਰੀਦ ਜੀ ਵੀ ਸ਼ਾਮਲ ਸਨ ਜੋ ਇੱਥੇ ਕਈ ਸਾਲਾਂ ਤੱਕ ਰਹੇ। ਹਾਲਾਂਕਿ ਇਹ ਸਾਫ਼ ਪਤਾ ਨਹੀਂ ਚਲਦਾ ਕਿ ਉਹ ਭਾਰਤ ਕਦੋਂ ਵਾਪਸ ਪਰਤੇ ਪਰ ਇਕ ਗੱਲ ਜ਼ਰੂਰ ਹੈ ਕਿ ਜਦੋਂ ਵੀ ਭਾਰਤੀ ਲੋਕ ਹੱਜ ਕਰਨ ਲਈ ਮੱਕਾ ਜਾਂਦੇ ਸਨ ਤਾਂ ਰਸਤੇ ਵਿਚ ਬਾਬਾ ਫ਼ਰੀਦ ਦੀ ਸਰਾਂ ਵਿਚ ਆ ਕੇ ਠਹਿਰਦੇ ਸਨ।

ਇਹ ਸਿਲਸਿਲਾ ਪਹਿਲੇ ਵਿਸ਼ਵ ਯੁੱਧ ਤਕ ਜਾਰੀ ਰਿਹਾ। ਉਸ ਸਮੇਂ ਮਸਜਿਦ ਏ ਅਕਸਾ ਅਤੇ ਸ਼ਹਿਰ ਦੀਆਂ ਦੂਜੀਆਂ ਇਸਲਾਮੀ ਇਮਾਰਤਾਂ ਕਾਫ਼ੀ ਖਸਤਾ ਹਾਲਤ ਵਿਚ ਸਨ ਕਿਉਂਕਿ ਉਨ੍ਹਾਂ ਦਿਨਾਂ ਵਿਚ ਅਰਬ ਦੇਸ਼ ਕਾਫ਼ੀ ਗਰੀਬ ਸਨ। ਜੇਕਰ ਪੈਸਾ ਸੀ ਤਾਂ ਭਾਰਤੀ ਨਵਾਬਾਂ ਅਤੇ ਰਾਜਿਆਂ ਕੋਲ ਸੀ। ਇਸ ਲਈ ਯੇਰੂਸ਼ਲਮ ਦੇ ਮੁਫ਼ਤੀ ਨੇ ਸੰਨ 1923 ਵਿਚ ਇਮਾਰਤਾਂ ਦੀ ਮੁਰੰਮਤ ਲਈ ਪੈਸਾ ਹਾਸਲ ਕਰਨ ਵਾਸਤੇ ਇਕ ਡੈਲੀਗੇਸ਼ਨ ਭਾਰਤ ਭੇਜਿਆ।

ਮੁਫ਼ਤੀ ਨੇ ਇਹ ਵੀ ਅਪੀਲ ਕੀਤੀ ਸੀ ਕਿ ਬਾਬਾ ਫ਼ਰੀਦ ਨਾਲ ਜੁੜੀ ਸਰਾਂ ਦੀ ਦੇਖਭਾਲ ਕਰਨ ਲਈ ਕਿਸੇ ਭਾਰਤੀ ਨੂੰ ਭੇਜਿਆ ਜਾਵੇ, ਜਿਸ ਮਗਰੋਂ 1924 ਵਿਚ ਸਹਾਰਾਨਪੁਰ ਦੇ  ਨਜ਼ੀਰ ਹਸਨ ਅੰਸਾਰੀ ਨਾਂਅ ਦੇ ਇਕ ਵਿਅਕਤੀ ਨੂੰ ਯੇਰੂਸ਼ਲਮ ਇਸ ਜਗ੍ਹਾ ਦੀ ਦੇਖਭਾਲ ਲਈ ਭੇਜਿਆ ਗਿਆ ਸੀ, ਜਿਸ ਨੇ ਉਥੇ ਹੀ ਇਕ ਫਲਸਤੀਨੀ ਲੜਕੀ ਨਾਲ ਵਿਆਹ ਕਰਕੇ ਅਪਣਾ ਘਰ ਵਸਾ ਲਿਆ।  

ਅੰਸਾਰੀ ਪਰਿਵਾਰ ਨੇ ਅੱਜ ਵੀ ਸਰਾਂ ਨਾਲ ਜੁੜੀਆਂ ਇਤਿਹਾਸਕ ਅਤੇ ਨਾਯਾਬ ਚੀਜ਼ਾਂ ਨੂੰ ਇਕ ਕਮਰੇ ਵਿਚ ਸਜਾ ਕੇ ਰੱਖਿਆ ਹੋਇਆ। ਬਾਬਾ ਫ਼ਰੀਦ ਜੀ ਦੇ ਸਮੇਂ ਤੋਂ ਲੈ ਕੇ ਯੇਰੂਸ਼ਲਮ ਵਿਚ ਕਈ ਯੁੱਧ ਹੋਏ ਅਤੇ ਇਹ ਸ਼ਹਿਰ ਕਈ ਵਾਰ ਉਜੜਿਆ ਪਰ ਬਾਬਾ ਫ਼ਰੀਦ ਜੀ ਦਾ ਇਹ ਅਸਥਾਨ ਅੱਜ 800 ਸਾਲਾਂ ਬਾਅਦ ਵੀ ਆਬਾਦ ਹੈ।