ਰਾਜਨਾਥ ਸਿੰਘ ਤੋਂ ਵਿਦਿਆਰਥੀਆਂ ਨੇ ਪੁੱਛਿਆ, ਕਿਵੇਂ ਖਤਮ ਹੋਵੇ ਧਰਮ ਅਤੇ ਜਾਤੀ ਰਾਜਨੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ  ਰਾਜਨੀਤੀ ਨੂੰ ਜਾਤੀ ਅਤੇ ਧਰਮ ਤੋਂ ਵੱਖ ਕਿਵੇਂ ਕੀਤਾ ਜਾਵੇ?

Rajnath singh

ਲਖਨਊ : ਭਾਰਤ ਦੀ  ਰਾਜਨੀਤੀ ਨੂੰ ਜਾਤੀ ਅਤੇ ਧਰਮ ਤੋਂ ਵੱਖ ਕਿਵੇਂ ਕੀਤਾ ਜਾਵੇ? ਭਾਰਤ ਅਮਰੀਕਾ ਦੇ ਨੇੜੇ ਕਿਉਂ ਜਾ ਰਿਹਾ ਹੈ? ਧਾਰਾ 370 ਕਦੋਂ ਖਤਮ ਹੋਵੇਗੀ? ਗ੍ਰਹਿਮੰਤਰੀ ਰਾਜਨਾਥ ਸਿੰਘ ਤੇ ਸੋਮਵਾਰ ਨੂੰ ਅਜਿਹੇ ਹੀ ਕਈ ਸਵਾਲ ਦਾਗੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਵਾਲ ਕਿਸੇ ਖਾਸ ਪੱਤਰਕਾਰ ਜਾਂ ਬੁੱਧੀਜੀਵੀ ਨੇ ਨਹੀਂ ਸਗੋਂ ਨੌਜਵਾਨਾਂ ਵੱਲੋਂ ਪੁੱਛੇ ਗਏ ਸਨ। ਗ੍ਰਹਿਮੰਤਰੀ ਨੇ ਇਨਾਂ ਸਵਾਲਾਂ ਦਾ ਬੇਬਾਕੀ ਨਾਲ ਜਵਾਬ ਵੀ ਦਿੱਤਾ।

ਮੌਕਾ ਸੀ ਗੋਮਤੀਨਗਰ ਦੇ ਇੱਕ ਨਿਜੀ ਅਦਾਰੇ ਵਿਖੇ ਆਯੋਜਿਤ ਯੂਵਾ ਸੰਸੰਦ ਸਮਾਗਮ ਦਾ। ਜਿਸ ਵਿਚ ਵਿਦਿਆਰਥੀਆਂ ਨੂੰ ਸਾਂਸਦ ਅਤੇ ਗ੍ਰਹਿਮੰਤਰੀ ਰਾਜਨਾਥ ਸਿੰਘ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀ ਵੱਲੋਂ ਪੁੱਛੇ ਗਏ ਸਵਾਲ ਕੀ ਅਮਰੀਕਾ ਦੀ ਮੌਜੂਦਾ ਤਾਕਤ ਦੇ ਕਾਰਣ ਹੀ ਭਾਰਤ ਉਸ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ, ਦਾ ਜਵਾਬ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਸਾਰਿਆਂ ਨਾਲ ਵਧੀਆ ਸੰਬੰਧ ਰੱਖਣਾ ਚਾਹੁੰਦਾ ਹੈ। ਭਾਰਤੀ ਸੱਭਿਆਚਾਰ ਸਮੂਚੇ ਵਿਸ਼ਵ ਨੂੰ ਪਰਿਵਾਰਵਾਦ ਮੰਨਦਾ ਹੈ। ਇਹ ਸੋਚ ਕਿ ਭਾਰਤ ਅਮਰੀਕਾ ਦੇ ਨੇੜੇ ਹੋ ਗਿਆ ਹੈ ਤੇ ਇਸਦੀ ਰੂਸ ਅਤੇ ਦੂਸਰੇ ਦੇਸ਼ਾਂ ਨਾਲ ਦੂਰੀ ਵੱਧਦੀ ਜਾ ਰਹੀ ਹੈ, ਹਕੀਕਤ ਨਹੀਂ ਹੈ।

ਧਾਰਾ 370 ਨੂੰ ਹਟਾਏ ਜਾਣ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਵਾਬ ਦਿੰਦੇ ਹੋਏ ਗ੍ਰਹਿਮੰਤਰੀ ਨੇ ਕਿਹਾ ਕਿ ਇਸਤੇ ਇੱਕ ਵੀ ਸ਼ਬਧ ਬੋਲੇ ਜਾਣ ਤੇ ਅੰਤਰਰਾਸ਼ਟਰੀ ਖ਼ਬਰ ਬਣ ਜਾਵੇਗੀ। ਉਨਾਂ ਕਿਹਾ ਕਿ ਇੱਕ ਗੱਲ ਸਪੱਸ਼ਟ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ। ਦੁਨੀਆ ਦੀ ਕੋਈ ਤਾਕਤ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖਰਾ ਨਹੀਂ ਕਰ ਸਕਦੀ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਮ ਸਹਿਮਤੀ ਬਣਾਉਣ ਤੇ ਕੰਮ ਕੀਤਾ ਜਾਂਦਾ ਹੈ ਅਤੇ ਇਹ ਸਹੀ ਵੀ ਹੈ।

ਇੱਕ ਹੋਰ ਸਵਾਲ ਜਿਸ ਵਿੱਚ ਵਿਦਿਆਰਥੀ ਵੱਲੋਂ ਉਨਾਂ ਨੂੰ ਪੁਛਿੱਆ ਗਿਆ ਕਿ ਰਾਜਨੀਤੀ ਦਾ ਆਧਾਰ ਜਾਤੀ ਤੇ ਧਰਮ ਬਣਦਾ ਜਾ ਰਿਹਾ ਹੈ ਤੇ ਸਭ ਦਾ ਵਿਕਾਸ ਨਾਰਾ ਬਣਕੇ ਰਹਿ ਗਿਆ ਹੈ। ਵੋਟ ਬੈਂਕ ਦੀ ਰਾਜਨੀਤੀ ਤੋਂ ਮੁਕਤੀ ਕਦੋਂ ਮਿਲੇਗੀ, ਬਾਰੇ ਉੱਤਰ ਦਿੰਦਿਆਂ ਉਨਾਂ ਦਸਿਆ ਕਿ ਸੁਤੰਤਰ ਭਾਰਤ ਵਿੱਚ ਆਮ ਲੋਕਾਂ ਦੀ ਰਾਜਨੀਤੀ ਪ੍ਰਤੀ ਜੋ ਭਾਵਨਾ ਹੋਣੀ ਚਾਹੀਦੀ ਹੈ ਉਹ ਨਹੀਂ ਰਹੀ, ਇਸਦੇ ਲਈ ਨੇਤਾ ਖੁਦ ਜਿੰਮੇਵਾਰ ਹਨ। ਕਹਿਣ ਅਤੇ ਕਰਨ ਵਿਚ ਫਰਕ ਨਹੀਂ ਹੋਣਾ ਚਾਹੀਦਾ। ਉਹਨਾਂ  ਕਿਹਾ ਕਿ ਵੋਟ ਮੰਗਣ ਵੇਲੇ ਉਨਾਂ ਕਦੇ ਇਹ ਨਹੀਂ ਕਿਹਾ ਕਿ ਉਹ ਇਹ ਕਰ ਦੇਣਗੇ।

ਰਾਜ ਅਤੇ ਨੀਤੀ ਤੋਂ ਭਾਵ ਅਜਿਹਾ ਰਾਜ ਹੈ ਜੋ ਸਮਾਜ ਨੂੰ ਸਹੀ ਦਿਸ਼ਾ ਵਿਚ ਲੈ ਜਾਣ ਦਾ ਕੰਮ ਕਰੇ। ਰਾਜਨੀਤੀ ਸ਼ਬਦ ਆਪਣਾ ਅਰਥ ਗਵਾ ਚੁੱਕਾ ਹੈ ਇਸ ਲਈ ਯੂਵਾ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਰਾਜਨੀਤੀ ਦੇ ਖਤਮ ਹੁੰਦੇ ਜਾ ਰਹੇ ਅਰਥ ਨੂੰ ਮੁੜ ਤੋਂ ਸਥਾਪਿਤ ਕੀਤਾ ਜਾ ਸਕੇ। ਰਾਜਨੀਤੀ ਜਾਤੀ ਅਤੇ ਧਰਮ ਤੇ ਨਹੀਂ ਹੋਣੀ ਚਾਹੀਦੀ। ਕਦੇ-ਕਦੇ ਅਸੀਂ ਲੋਕ ਸੋਚਦੇ ਹਾਂ ਕਿ ਅਸੀਂ ਜਾਤੀ ਅਤੇ ਧਰਮ ਦੇ ਖਿਲਾਫ ਬੋਲਾਂਗੇ ਤਾਂ ਮੌਕਾ ਮਿਲ ਜਾਵੇਗਾ। ਰਾਜਨੀਤੀ ਸਰਕਾਰ ਨਹੀਂ ਦੇਸ਼ ਬਣਾਉਣ ਲਈ ਕੀਤੀ ਜਾਂਦੀ ਹੈ।

ਸਾਲ 2019 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਇਸ ਲਈ ਰਾਹੁਲ ਗਾਂਧੀ ਨੇ ਧਾਰਮਿਕ ਯਾਤਰਾ ਸ਼ੁਰੂ ਕੀਤੀ ਹੈ ਅਤੇ ਮਹਾਂਗਠਬੰਧਨ ਵੱਲ ਵੱਧ ਰਹੇ ਹਨ। ਕੀ ਇਸ ਨਾਲ ਤੁਹਾਡੀ ਪਾਰਟੀ ਨੂੰ ਕੋਈ ਖਤਰਾ ਹੈ? ਬਾਰੇ ਪੁੱਛੇ ਗਏ ਸਵਾਲ ਤੇ ਸੰਸੰਦ ਮੰਤਰੀ ਦਾ ਕਹਿਣਾ ਹੈ ਕਿ ਉਨਾਂ ਦਾ ਕਿਸੇ ਨਾਲ ਕੋਈ ਨਿਜੀ ਵਿਰੋਧ ਨਹੀਂ ਹੈ ਇਸ ਲਈ ਅਸੀਂ ਬੋਲਦੇ ਨਹੀਂ ਹਾਂ, ਹਾਂ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਹ ਕੀ ਕਰ ਰਹੇ ਹਨ ਤੇ ਕਿਵੇਂ ਕਰ ਰਹੇ ਹਨ, ਇਹ ਉਨਾਂ ਦਾ ਨਿਜੀ ਮਾਮਲਾ ਹੈ।

ਵੱਧ ਰਹੀ ਵਸੋਂ ਬਾਰੇ ਇੱਕ ਵਿਦਿਆਰਥੀ ਵੱਲੋਂ ਪੁੱਛੇ ਗਏ ਸਵਾਲ ਕਿ ਵਸੋਂ ਦੇ ਲਿਹਾਜ ਤੋਂ ਭਾਰਤ ਦੁਨੀਆ ਦੇ ਪਹਿਲੇ ਨੰਬਰ ਤੇ ਆਉਣ ਜਾ ਰਿਹਾ ਹੈ। ਚੀਨ ਦੀ ਤਰਾਂ ਇੱਕ ਬੱਚੇ ਦੀ ਨੀਤੀ ਨੂੰ ਲਾਗੂ ਕਿਉਂ ਨਹੀਂ ਕਰਦੇ ਬਾਰੇ ਜਵਾਬ ਦਿੰਦੇ ਹੋਏ ਗ੍ਰਹਿਮੰਤਰੀ ਨੇ ਕਿਹਾ ਕਿ ਨਿਜੀ ਰੂਪ ਵਿੱਚ ਉਨਾਂ ਦਾ ਮੰਨਣਾ ਹੈ ਕਿ ਇਹ ਹੋਣਾ ਚਾਹੀਦਾ ਹੈ ਪਰ ਕਿਤੇ ਰਾਜਨੀਤੀ ਪੱਧਰ ਤੇ ਵੱਖੋ-ਵੱਖ ਮੱਤ ਹਨ। ਇਸ ਮੁੱਦੇ ਤੇ ਦੇਸ਼ ਭਰ ਵਿੱਚ ਚਰਚਾ ਹੋਣੀ ਚਾਹੀਦੀ ਹੈ ਤੇ ਇੱਕ ਸਹਿਮਤੀ ਬਣਨੀ ਚਾਹੀਦੀ ਹੈ।

ਸੀਮਾ ਤੇ ਹੋ ਰਹੇ ਘੁਸਪੈਠ ਨੂੰ ਰੋਕਣ ਵਿੱਚ ਕਿਉਂ ਪਰੇਸ਼ਾਨੀਆਂ ਆ ਰਹੀਆਂ ਹਨ। ਇੱਕ ਵਿਦਿਆਰਥੀ ਵੱਲੋਂ ਪੁੱਛੇ ਗਏ ਸਵਾਲ ਬਾਰੇ ਉਨ੍ਹਾਂ  ਕਿਹਾ ਕਿ ਭਾਰਤੀ ਹੱਦਾਂ ਛੇ ਦੇਸ਼ਾਂ ਤੋਂ ਘਿਰੀਆਂ ਹੋਈਆਂ ਹਨ। ਹੁਣ ਤੱਕ ਦੀ ਕੀਤੀ ਗਈ ਵਿਵਸਥਾ ਵਿੱਚ ਤਾਰ ਲਗਾਏ ਜਾਂਦੇ ਰਹੇ ਹਨ। ਕੁਝ ਸਮੇਂ ਪਹਿਲਾਂ ਆਪਣੇ ਇਜ਼ਰਾਈਲ ਦੌਰੇ ਦੋਰਾਨ ਜਦ ਸੀਮਾ ਤੇ ਗਏ ਤਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਮਿਲਟਰੀ ਵਰਦੀ ਵਿੱਚ ਸਵਾਗਤ ਲਈ ਤਿਆਰ ਸਨ। ਉਥੇ ਸੁਰੱਖਿਆ ਤਕਨੀਕ ਦਾ ਇਸਤੇਮਾਲ ਵੇਖਿਆ ਤੇ ਭਾਰਤੀ ਇਤਿਹਾਸ ਵਿਚ ਪਹਿਲਾ ਵਾਰ ਤੈਅ ਕੀਤਾ ਤੇ ਇਸਨੂੰ ਲਾਗੂ ਵੀ ਕਰ ਰਹੇ ਹਾਂ। 11 ਕਿਲੋਮੀਟਰ ਦਾ ਪਾਇਲਟ ਪ੍ਰੋਜੈਕਟ ਜੰਮੂ ਵਿਚ ਸ਼ੁਰੂ ਕਰ ਦਿੱਤਾ ਹੈ। ਜਲਦ ਹੀ ਅਸਮ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ।

ਦੇਸ਼ ਦੇ ਵਧੀਆ ਅਦਾਰਿਆਂ ਵਿਚ ਹੁਨਰ ਦੇ ਬਾਵਜੂਦ ਬਾਹਰ ਜਾਣ ਦਾ ਮੁਖ ਕਾਰਣ ਰਾਖਵਾਂਕਰਣ ਦੀ ਨੀਤੀ ਦੇ ਪ੍ਰਤੀ ਰੋਸ ਤੇ ਨਹੀਂ ਹੈ? ਜੇਕਰ ਹਾਂ ਤੇ ਇਸ ਪ੍ਰਤੀ ਤੁਹਾਡੀ ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਨ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਨੇਤਾ ਸੂਝ-ਬੂਝ ਦੇ ਆਧਾਰ ਤੇ ਰਾਂਖਵੇਕਰਣ ਦਾ ਨਿਯਮ ਲੈ ਕੇ ਆਏ ਸਨ। ਉਸ ਵੇਲੇ ਤੇ ਅੱਜ ਵੀ ਲੋੜ ਹੈ। ਪੇਡੂੰ ਖੇਤਰਾਂ ਵਿੱਚ ਹਾਲਾਤ ਵੇਖਣਯੋਗ ਹਨ। ਸਮਾਂ ਲਗੇਗਾ ਪਰ ਜਿੰਨੀ ਤੇਜ਼ੀ ਨਾਲ ਭਾਰਤ ਅੱਗੇ ਵੱਧ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਸੰਸਾਰ ਵਿਚ ਭਾਰਤ ਨੂੰ ਬੁੱਧੀਜੀਵੀ ਰਾਜਧਾਨੀ ਦੇ ਤੌਰ ਤੇ ਪਹਿਚਾਨ ਮਿਲੇਗੀ। ਜਿੱਥੇ ਤੱਕ ਹੁਨਰ ਦਾ ਸਵਾਲ ਹੈ ਤਾਂ ਭਾਰਤ ਹੀ ਦੁਨੀਆ ਨੂੰ ਗਿਆਨ ਦਿੰਦਾ ਆਇਆ ਹੈ। ਸਾਇੰਸਦਾਨੀਆਂ ਦੇ ਨਤੀਜੇ ਗਲਤ ਹੋ ਸਕਦੇ ਹਨ ਪਰ ਸਾਡੇ ਰਿਸ਼ੀਆਂ ਦਾ ਗਿਆਨ ਗਲਤ ਨਹੀਂ ਹੁੰਦਾ।

ਇੱਕ ਹੋਰ ਸਵਾਲ ਕਿ ਸਰਕਾਰੀ ਅਤੇ ਨਿਜੀ ਸਕੂਲਾਂ ਵਿਚਲੇ ਫਰਕ ਨੂੰ ਕਿਵੇਂ ਖਤਮ ਕੀਤਾ ਜਾਵੇ ਤੇ ਕਿਵੇਂ ਸਾਰੇ ਬਰਾਬਰ ਹੋਣ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਸਿੱਖਿਆ ਨੀਤੀ ਵਿਚ ਵੱਡੇ ਸੁਧਾਰ ਅਤੇ ਬਦਲਾਅ ਕਰ ਰਹੀ ਹੈ। ਜਿਸ ਨਾਲ ਇਸਨੂੰ ਘੱਟ ਕੀਤਾ ਜਾ ਸਕੇਗਾ। ਯੂਵਾਵਾਂ ਨੂੰ ਤਿਆਰ ਕਰਨ ਲਈ ਸਕਿਲ ਡਿਵਲਪਮੈਂਟ ਸ਼ੁਰੂ ਕੀਤਾ ਗਿਆ। ਸਟਾਰਟ ਅਪ ਇੰਡੀਆ, ਸਟੈਂਡ ਅਪ ਇੰਡੀਆ ਅਤੇ ਮੁਦਰਾ। ਆਉਣ ਵਾਲੇ ਸਮੇਂ ਵਿੱਚ ਇਸਦੇ ਵਧੀਆ ਨਤੀਜੇ ਹਾਸਿਲ ਹੋਣਗੇ।