ਗੱਲਬਾਤ ਲਈ ਤਿਆਰ ਪਰ ਗੱਲਬਾਤ ਅਤੇ ਅਤਿਵਾਦ ਇਕੱਠੇ ਨਹੀਂ : ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤਾਂ ਦੀ ਗੱਲ ਹੈ, ਇਥੇ ਪਿਛਲੇ 4 ਮਹੀਨਿਆਂ ਵਿਚ ਵੱਡਾ ਬਦਲਾਅ ਆਇਆ ਹੈ।

Rajnath Singh

ਨਵੀਂ ਦਿੱਲੀ, ( ਪੀਟੀਆਈ ) :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਗੱਲਬਾਤ ਲਈ ਤਿਆਰ ਹੈ ਪਰ ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ । ਰਾਜਨਾਥ ਸਿੰਘ ਅਪਣੇ ਇਕ ਰੋਜ਼ਾ ਦੌਰੇ ਤੇ ਸ਼੍ਰੀਨਗਰ ਪਹੁੰਚੇ। ਉਨ੍ਹਾਂ ਕਸ਼ਮੀਰ ਦੇ ਲੋਕਾਂ ਨੂੰ ਸੁਰੱਖਿਆਬਲਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਦੌਰਾਨ ਨੇੜੇ ਨਾ ਜਾਣ ਦੀ ਅਪੀਲ ਵੀ ਕੀਤੀ।

ਸ਼੍ਰੀਨਗਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਰਾਜਨਾਥ ਸਿੰਘ ਨੇ ਸਾਰੇ ਰਾਜਨੀਤਕ ਦਲਾਂ ਨੂੰ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ। ਦੱਸ ਦਈਏ ਕਿ ਦੋ ਪ੍ਰਮੁਖ ਰਾਜਨੀਤਕ ਦਲ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਨੇ ਪਹਿਲਾਂ ਤੋਂ ਹੀ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਕਸਤ ਰਾਜ ਬਣਾਉਣਾ ਸਾਡਾ ਟੀਚਾ ਹੈ।

ਜਿੱਥੇ ਤੱਕ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤਾਂ ਦੀ ਗੱਲ ਹੈ, ਇਥੇ ਪਿਛਲੇ 4 ਮਹੀਨਿਆਂ ਵਿਚ ਵੱਡਾ ਬਦਲਾਅ ਆਇਆ ਹੈ। ਪੱਥਰਬਾਜੀ ਦੇ ਮਾਮਲਿਆਂ ਦੀ ਗਿਣਤੀ ਘੱਟ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਅਤਿਵਾਦੀ ਭਰਤੀ ਦੀ ਗਿਣਤੀ ਵੀ ਪਹਿਲਾਂ ਨਾਲੋਂ ਘੱਟ ਹੋਈ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸ਼ਹਿਰੀ ਤਬਕਿਆਂ ਦੀਆਂ ਚੋਣਾਂ ਦੌਰਾਨ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ। ਰਾਜ ਦੀਆਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੇ ਵੀ ਚਰਚਾ ਹੋਈ।

ਇਸ ਦੇ ਨਾਲ ਹੀ ਰਾਜ ਦੇ ਵਿਕਾਸ ਬਾਰੇ ਗੱਲ ਕਰਦਿਆਂ ਗ੍ਰਹਿਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵਿਕਾਸ ਲਈ ਸਾਂਝੇ ਤੌਰ ਤੇ ਕੰਮ ਕਰ ਰਹੀਆਂ ਹਨ। ਬੀਤੇ ਦਿਨੀ ਕੁਲਗਾਮ ਬੰਬ ਧਮਾਕੇ ਵਿਚ ਮਾਰੇ ਗਏ ਨਾਗਰਿਕਾਂ ਦੇ ਪਰਵਾਰਾਂ ਪ੍ਰਤੀ ਦਿਲਾਸਾ ਪ੍ਰਗਟ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ 21 ਅਕਤੂਬਰ ਨੂੰ ਮੁਠਭੇੜ ਤੋਂ ਬਾਅਦ ਮਾਰੇ ਗਏ ਨਾਗਰਿਕਾਂ ਦੇ ਪਰਵਾਰ ਵਾਲਿਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਵੇਗਾ।