25 ਸਾਲਾ ਕਾਰੋਬਾਰੀ ਨੇ ਨਾਬਾਲਗ ਲੜਕੀ ਨੂੰ ਕਿਹਾ 'ਆਈਟਮ', ਪੋਸਕੋ ਅਦਾਲਤ ਨੇ ਸੁਣਾਈ ਡੇਢ ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਸਤੇ ਵਿਚ ਇਕ ਨੌਜਵਾਨ ਨੇ ਨਾਬਾਲਗ ਦੇ ਵਾਲ ਖਿੱਚੇ ਤੇ ਕਮੈਂਟ ਕੀਤਾ - ਆਈਟਮ ਕਿੱਥੇ ਜਾ ਰਹੀ ਹੈ।

Man gets one and a half years jail for calling girl 'item'

 

ਮੁੰਬਈ: ਕਿਸੇ ਲੜਕੀ ਨੂੰ ‘ਆਈਟਮ’ ਕਹਿਣਾ ਜਿਨਸੀ ਸ਼ੋਸ਼ਣ ਤੋਂ ਘੱਟ ਨਹੀਂ ਹੈ... ਇਹ ਟਿੱਪਣੀ ਕਰਦੇ ਹੋਏ ਮੁੰਬਈ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 25 ਸਾਲਾ ਕਾਰੋਬਾਰੀ ਨੂੰ ਡੇਢ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 16 ਸਾਲ ਦੀ ਲੜਕੀ 'ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਪੋਕਸੋ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਇਹ ਘਟਨਾ 2015 ਦੀ ਹੈ ਜਦੋਂ ਪੀੜਤਾ ਆਪਣੇ ਸਕੂਲ ਤੋਂ ਘਰ ਪਰਤ ਰਹੀ ਸੀ।

ਇਸ ਦੌਰਾਨ ਰਸਤੇ ਵਿਚ ਇਕ ਨੌਜਵਾਨ ਨੇ ਨਾਬਾਲਗ ਦੇ ਵਾਲ ਖਿੱਚੇ ਤੇ ਕਮੈਂਟ ਕੀਤਾ - ਆਈਟਮ ਕਿੱਥੇ ਜਾ ਰਹੀ ਹੈ। ਅਦਾਲਤ ਨੇ ਇਸ ਨੂੰ ਜਿਨਸੀ ਸ਼ੋਸ਼ਣ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਦੋਸ਼ੀ ਘਟਨਾ ਤੋਂ ਇਕ ਮਹੀਨੇ ਪਹਿਲਾਂ ਤੱਕ ਪੀੜਤਾ ਦਾ ਗਲਤ ਇਰਾਦੇ ਨਾਲ ਪਿੱਛਾ ਕਰ ਰਿਹਾ ਸੀ।

ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਵਿਸ਼ੇਸ਼ ਜੱਜ ਐਸਜੇ ਅੰਸਾਰੀ ਨੇ ਕਿਹਾ, ‘‘ਅਜਿਹੇ ਅਪਰਾਧਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ। ਔਰਤਾਂ ਨੂੰ ਬੇਇਨਸਾਫ਼ੀ ਤੋਂ ਬਚਾਉਣ ਲਈ ਅਜਿਹੇ ‘ਰੋਡ ਸਾਈਡ ਰੋਮੀਓ’ ਨੂੰ ਸਬਕ ਸਿਖਾਉਣ ਦੀ ਲੋੜ ਹੈ।

ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਲੜਕੀ ਦੇ ਮਾਤਾ-ਪਿਤਾ ਉਹਨਾਂ ਦੀ ਦੋਸਤੀ ਦੇ ਖਿਲਾਫ਼ ਸਨ। ਅਦਾਲਤ ਨੇ ਕਿਹਾ ਕਿ ਨਾਬਾਲਗ ਨੇ ਅਜਿਹੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ੀ ਨੇ ਵੀ ਆਪਣੀ ਦਲੀਲ ਵਿਚ ਇਹ ਸਭ ਕੁਝ ਨਹੀਂ ਕਿਹਾ ਅਤੇ ਨਾ ਹੀ ਕਿਸੇ ਗਵਾਹ ਨੇ ਇਸ ਦਾ ਸਮਰਥਨ ਕੀਤਾ ਹੈ।