ਘਿਨਾਉਣੇ ਗੁਨਾਹ ਦੀ ਢੁਕਵੀਂ ਸਜ਼ਾ- ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਵਾਲੇ ਪਿਓ ਨੂੰ ਫ਼ਾਂਸੀ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਵਕੀਲਾਂ ਨੇ ਮੁਲਜ਼ਮ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ

Image

 

ਸਿਰਸਾ - ਹਰਿਆਣਾ ਦੇ ਸਿਰਸਾ ਦੀ ਫ਼ਾਸਟ ਟਰੈਕ ਅਦਾਲਤ ਨੇ ਇੱਕ ਬਲਾਤਕਾਰੀ ਪਿਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਸ਼ਰਾਬੀ ਹਾਲਤ 'ਚ ਆਪਣੀ 11 ਸਾਲਾ ਧੀ ਨਾਲ ਬਲਾਤਕਾਰ ਕੀਤਾ ਸੀ। 

ਅਦਾਲਤ ਨੇ ਦੋਸ਼ੀ ਪਿਤਾ ਨੂੰ 50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਤੋਂ ਇਲਾਵਾ, ਪੀੜਤ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

20 ਸਤੰਬਰ 2020 ਨੂੰ ਜ਼ਿਲ੍ਹੇ ਦੇ ਪਿੰਡ ਭੰਗੂ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਬੱਚੀ ਦੇ ਪਿਤਾ ਖ਼ਿਲਾਫ਼ ਬਲਾਤਕਾਰ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ, ਅਤੇ ਮੁਲਜ਼ਮ ਜਸਪਾਲ ਨੂੰ ਗ੍ਰਿਫ਼ਤਾਰ ਕੀਤਾ। 

ਇਹ ਮਾਮਲਾ ਫ਼ਾਸਟ ਟਰੈਕ ਅਦਾਲਤ ਨੂੰ ਸੌਂਪਿਆ ਗਿਆ ਸੀ। ਕਰੀਬ ਦੋ ਸਾਲ ਤੱਕ ਸੁਣਵਾਈ ਤੋਂ ਬਾਅਦ ਅਦਾਲਤ ਨੇ ਦੋਸ਼ੀ ਪਿਤਾ ਜਸਪਾਲ ਨੂੰ ਆਪਣੀ ਨਾਬਾਲਿਗ ਧੀ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਇਆ, ਅਤੇ ਅੰਤ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ। ਨਾਲ ਹੀ ਜੁਰਮਾਨਾ ਅਤੇ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

ਉਪ-ਜ਼ਿਲ੍ਹਾ ਮੈਜਿਸਟਰੇਟ ਰਾਜੀਵ ਸਰਦਾਨਾ ਦਾ ਕਹਿਣਾ ਹੈ ਕਿ ਫ਼ਾਸਟ ਟਰੈਕ ਅਦਾਲਤ ਨੇ ਇਸ ਕੇਸ ਨੂੰ 'ਦੁਰਲੱਭ' ਮੰਨਦਿਆਂ ਬਲਾਤਕਾਰੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਕੋਰੋਨਾ ਕਾਰਨ ਫ਼ੈਸਲੇ 'ਚ ਕੁਝ ਦੇਰੀ ਹੋਈ, ਪਰ ਆਖਿਰਕਾਰ ਅਦਾਲਤ ਨੇ ਬਲਾਤਕਾਰੀ ਪਿਤਾ ਨੂੰ ਸਜ਼ਾ ਸੁਣਾ ਦਿੱਤੀ।

ਬਚਾਅ ਪੱਖ ਦੀ ਵਕੀਲ ਚੰਦਰ ਰੇਖਾ ਨੇ ਕਿਹਾ ਕਿ ਸਾਰੇ ਵਕੀਲਾਂ ਨੇ ਮੁਲਜ਼ਮ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਾਨੂੰਨੀ ਸਹਾਇਤਾ ਉਪਲਬਧ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਫ਼ੈਸਲਾ ਹੈ, ਅਤੇ ਉਹ ਇਸਦਾ ਸਵਾਗਤ ਕਰਦੀ ਹੈ।