ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਆਰੋਪੀ ਨੂੰ ਮਿਲੀ '5 ਬੈਠਕਾਂ' ਮਾਰਨ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੌਜਵਾਨ ਨੂੰ ਮੰਨਿਆ ਗਿਆ 'ਬੇਕਸੂਰ'

Image

 

ਪਟਨਾ - ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਇੱਕ ਕਥਿਤ ਛੇੜਛਾੜ ਦੇ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਸਥਾਨਕ ਪੰਚਾਇਤ ਨੇ ‘ਪੰਜ ਬੈਠਕਾਂ’ ਦੀ ਸਜ਼ਾ ਦੇ ਕੇ ਛੱਡ ਦਿੱਤਾ।

ਇਹ ਫ਼ੁਰਮਾਨ ਸੋਮਵਾਰ ਨੂੰ ਅਕਬਰਪੁਰ ਇਲਾਕੇ ਦੇ ਸਾਬਕਾ ਮੁਖੀਆ ਦੀ ਅਗਵਾਈ ਵਾਲੀ ਪੰਚਾਇਤ ਨੇ ਸੁਣਾਇਆ।

ਇਹ ਮਾਮਲਾ ਬੁੱਧਵਾਰ ਸ਼ਾਮ ਨੂੰ ਉਸ ਸਮੇਂ ਚਰਚਾ 'ਚ ਆਇਆ ਜਦੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ।

ਵਾਇਰਲ ਵੀਡੀਓ ਮੁਤਾਬਿਕ, ਮੁਲਜ਼ਮ ਨੇ ਆਪਣੇ ਕੰਨ ਫ਼ੜ ਕੇ ਬੈਠਕਾਂ ਮਾਰੀਆਂ, ਅਤੇ ਇਸ ਦੌਰਾਨ ਉੱਥੇ ਇਕੱਠੇ ਹੋਏ ਹੋਏ ਦਰਜਨਾਂ ਲੋਕਾਂ ਨੇ ਉਸ ਨੂੰ ਜ਼ੁਬਾਨੀ ਬੁਰਾ-ਭਲਾ ਕਿਹਾ। 

ਪੁਲਿਸ ਨੇ ਦੱਸਿਆ ਕਿ ਨਾਬਾਲਿਗ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੰਚਾਇਤ ਨੂੰ ਇੱਕ ਨੌਜਵਾਨ ਦੀ ਸ਼ਿਕਾਇਤ ਕੀਤੀ, ਜੋ ਚਾਕਲੇਟ ਦੇਣ ਦੇ ਬਹਾਨੇ ਉਨ੍ਹਾਂ ਦੀ ਲੜਕੀ ਨੂੰ ਆਪਣੇ ਪੋਲਟਰੀ ਫ਼ਾਰਮ 'ਚ ਲੈ ਗਿਆ ਸੀ।

ਸ਼ਰਮ ਅਤੇ ਬੇਇੱਜ਼ਤੀ ਦੇ ਡਰੋਂ, ਸ਼ਿਕਾਇਤ ਲੈ ਕੇ ਲੜਕੀ ਦੇ ਮਾਤਾ-ਪਿਤਾ ਨੇ ਦੋਸ਼ੀ ਤੇ ਉਸ ਦੇ ਪਰਿਵਾਰ ਕੋਲ ਪਹੁੰਚ ਕੀਤੀ, ਅਤੇ ਬਾਅਦ 'ਚ ਮਾਮਲਾ ਪੰਚਾਇਤ ਕੋਲ ਲੈ ਗਏ।

ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ, ਪੰਚਾਇਤ ਨੇ ਇਹ ਸਿੱਟਾ ਕੱਢਿਆ ਕਿ ਨੌਜਵਾਨ ਬੇਕਸੂਰ ਹੈ, ਪਰ ਉਸ ਨੂੰ ਅਣਜਾਣੇ ਕਾਰਨਾਂ ਕਰਕੇ ਨਾਬਾਲਿਗ ਲੜਕੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾਣ ਦਾ ਦੋਸ਼ੀ ਪਾਇਆ ਗਿਆ।

ਆਪਣੀ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਪੰਚਾਇਤ ਦੇ ਇੱਕ ਮੈਂਬਰ ਨੇ ਕਿਹਾ, “ਨਾਬਾਲਿਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਗਿਆ ਸੀ ਕਿ ਉਹ ਮੁਲਜ਼ਮ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਨਾ ਕਰਵਾਉਣ ਅਤੇ ਮਾਮਲਾ ਪੰਚਾਇਤ ਰਾਹੀਂ ਸੁਲਝਾਉਣ, ਕਿਉਂਕਿ ਐਫ਼.ਆਈ.ਆਰ. ਦਰਜ ਕਰਨ ਨਾਲ ਉਨ੍ਹਾਂ ਦੀ ਬਦਨਾਮੀ ਹੋਵੇਗੀ।"

ਨਵਾਦਾ ਦੇ ਐਸ.ਪੀ. ਡਾ. ਗੌਰਵ ਮੰਗਲਾ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਹਾਲਾਂਕਿ, ਅਕਬਰਪੁਰ ਥਾਣੇ ਦੇ ਐਸ.ਐਚ.ਓ. ਅਜੇ ਕੁਮਾਰ ਦੇ ਦੱਸਣ ਮੁਤਾਬਿਕ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਨੌਜਵਾਨ ਨੇ ਉਸ ਦੀ ਧੀ ਨੂੰ ਗ਼ਲਤ ਤਰੀਕਿਆਂ ਨਾਲ ਛੂਹਿਆ।