ਸਿੱਧੂ ਮੂਸੇਵਾਲਾ ਕਤਲ ਮਾਮਲਾ: ਬਿਹਾਰ ਪੁਲਿਸ ਵੱਲੋਂ ਸ਼ੂਟਰ ਕਰਨ ਮਾਨ ਗ੍ਰਿਫ਼ਤਾਰ, ਪੰਜਾਬ ਪੁਲਿਸ ਦੇ ਇਨਪੁਟ 'ਤੇ ਕੀਤਾ ਕਾਬੂ
ਗੈਂਗਸਟਰ ਕਰਨ ਮਾਨ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਪੰਜਾਬ ਲਿਆਂਦਾ ਜਾ ਰਿਹਾ ਹੈ।
ਪਟਨਾ: ਬਿਹਾਰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਇਕ ਹੋਰ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਨੂੰ ਪੁਲਿਸ ਨੇ ਬਿਹਾਰ ਦੇ ਜਮੁਈ ਤੋਂ ਗ੍ਰਿਫਤਾਰ ਕੀਤਾ ਹੈ। ਜਮੂਈ ਦੇ ਡੀਐਸਪੀ ਰਾਕੇਸ਼ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਗੈਂਗਸਟਰ ਲਖਬੀਰ ਲੰਡਾ ਦਾ ਕਰੀਬੀ ਹੈ। ਗੈਂਗਸਟਰ ਦੀ ਪਛਾਣ ਕਰਨ ਮਾਨ ਵਜੋਂ ਹੋਈ ਹੈ। ਉਹ ਲਖਬੀਰ ਲੰਡਾ ਦੇ ਕਹਿਣ 'ਤੇ ਭਾਰਤ 'ਚ ਕੰਮ ਕਰਦਾ ਸੀ। ਗ੍ਰਿਫਤਾਰ ਕਰਨ ਮਾਨ ਹਥਿਆਰਾਂ ਅਤੇ ਨਸ਼ਾ ਤਸਕਰੀ ਗਿਰੋਹ ਦਾ ਵੀ ਸਾਥੀ ਹੈ।
ਪੰਜਾਬ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਕਰਨ ਮਾਨ ਨੂੰ ਖਹਿਰਾ ਦੇ ਗੜ੍ਹੀ ਇਲਾਕੇ ਦੇ ਪਿੰਡ ਅਰੁਣਬੈਂਕ ਦੇ ਇਕ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ। ਜਮੁਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਸ਼ਟਰੀ ਗੈਂਗਸਟਰ ਗੈਂਗ ਦੇ ਸ਼ਾਰਪ ਸ਼ੂਟਰ ਕਰਨ ਮਾਨ ਅਤੇ ਅਰਜੁਨ ਮਾਨ ਜਮੁਈ ਵਿਚ ਲੁਕੇ ਹੋਏ ਹਨ। ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਕੇਵਲ ਕਰਨ ਮਾਨ ਹੀ ਫੜਿਆ ਗਿਆ, ਜਿਸ ਨੂੰ ਹੁਣ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਚ ਪੁਲਿਸ ਦੀ ਗੱਡੀ ਵਿਚ ਬੰਬ ਰੱਖਣ ਦੇ ਮਾਮਲੇ ਵਿਚ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਮਾਮਲੇ ਵਿਚ ਕਰਨ ਮਾਨ ਦਾ ਨਾਮ ਵੀ ਸਾਹਮਣੇ ਆਇਆ ਸੀ। ਫੜਿਆ ਗਿਆ ਕਰਨ ਮਾਨ ਅੰਮ੍ਰਿਤਸਰ ਦੇ ਏਕਤਾ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਗੈਂਗਸਟਰ ਕਰਨ ਮਾਨ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਪੰਜਾਬ ਲਿਆਂਦਾ ਜਾ ਰਿਹਾ ਹੈ।