ਭਾਰਤ ਦਾ ਸਭ ਤੋਂ ਲੰਬਾ ਰੇਲ ਬ੍ਰਿਜ ਬਣ ਕੇ ਹੋਇਆ ਤਿਆਰ, PM ਕਰਨਗੇ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਵਿਚ ਬ੍ਰਹਿਮਪੁਤਰ ਨਦੀ ਉਤੇ ਬਣਿਆ ਬੋਗੀਬੀਲ ਬ੍ਰਿਜ ਭਾਰਤੀ ਫੌਜ......

Railway bridge

ਨਵੀਂ ਦਿੱਲੀ (ਭਾਸ਼ਾ): ਅਸਾਮ ਵਿਚ ਬ੍ਰਹਿਮਪੁਤਰ ਨਦੀ ਉਤੇ ਬਣਿਆ ਬੋਗੀਬੀਲ ਬ੍ਰਿਜ ਭਾਰਤੀ ਫੌਜ ਲਈ ਕਾਫ਼ੀ ਮਹੱਤਵਪੂਰਨ ਹੈ। 4.94 ਕਿਲੋਮੀਟਰ ਲੰਮਾ ਰੇਲ/ਰੋਡ ਬ੍ਰਿਜ਼ ਭਾਰਤ ਨੂੰ ਹੁਣ ਨਵੀਂ ਤਾਕਤ ਦੇਵੇਗਾ। ਖਾਸ ਕਰਕੇ ਅਰੁਣਾਚਲ ਸੀਮਾ ਨਾਲ ਜੁੜੇ ਹੋਣ ਦੇ ਕਾਰਨ ਇਹ ਕਾਫ਼ੀ ਮਹੱਤਵਪੂਰਨ ਹੈ। ਇਸ ਪੁੱਲ ਦੇ ਸ਼ੁਰੂ ਹੋਣ ਨਾਲ ਭਾਰਤੀ ਫੌਜ ਨੂੰ ਜਵਾਨਾਂ ਦੇ ਟਰਾਂਸਪੋਰਟ ਵਿਚ ਵੱਡੀ ਮਦਦ ਮਿਲੇਗੀ। ਭਾਰਤ ਦੇ ਉਤਰ-ਪੂਰਬੀ ਰਾਜ ਅਤੇ ਚੀਨ ਕਰੀਬ 4000 ਕਿਲੋਮੀਟਰ ਲੰਮਾ ਬੋਰਡਰ ਸਾਂਝਾ ਕਰਦਾ ਹੈ। ਇਸ ਦਾ ਕਰੀਬ 75 ਫ਼ੀਸਦੀ ਹਿੱਸਾ ਸਿਰਫ਼ ਅਰੁਣਾਚਲ ਪ੍ਰਦੇਸ਼ ਵਿਚ ਹੈ।

ਭਾਰਤੀ ਰੇਲ ਦੇ ਇਸ ਪੁੱਲ ਦੀ ਨੀਂਹ ਸਾਲ 2002 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਰੱਖੀ ਸੀ ਅਤੇ 2007 ਵਿਚ ਇਸ ਨੂੰ ਨੈਸ਼ਨਲ ਪ੍ਰੋਜੇਕਟ ਘੋਸ਼ਿਤ ਕੀਤਾ ਗਿਆ। ਪਰ ਪਿਛਲੇ 4-5 ਸਾਲ ਤੋਂ ਇਸ ਦੀ ਉਸਾਰੀ ਵਿਚ ਤੇਜੀ ਆਈ। ਇਸ ਦੇ ਚਲਦੇ ਅਸਾਮ ਦੇ ਡਿਬਰੂਗੜ੍ਹ ਜਿਲ੍ਹੇ ਵਿਚ ਬ੍ਰਹਿਮਪੁਤਰ ਦੇ ਉਤਰ ਵੱਲ ਜਾਣਾ ਆਸਾਨ ਹੋ ਜਾਵੇਗਾ ਜਿਸ ਵਿਚ ਅਰੁਣਾਚਲ ਪ੍ਰਦੇਸ਼ ਸਭ ਤੋਂ ਮਹੱਤਵਪੂਰਨ ਹੈ। ਅਰੁਣਾਚਲ ਪ੍ਰਦੇਸ਼ ਅਤੇ ਪੂਰੇ ਉਤਰ-ਪੂਰਬੀ ਭਾਰਤ ਦੇ ਚੁਣੌਤੀ ਭਰਪੂਰ ਭੂਗੋਲ ਨੂੰ ਦੇਖਦੇ ਹੋਏ ਬੋਗੀਬੀਲ ਬ੍ਰਿਜ਼ ਇਸ ਇਲਾਕੇ ਵਿਚ ਰੇਲ ਲਾਈਨ ਦੇ ਵਿਕਾਸ ਦੀ ਨਵੀਂ ਸ਼ੁਰੂਆਤ ਹੈ।

ਹਾਲਾਂਕਿ ਬੋਗੀਬੀਲ ਵਿਚ ਬ੍ਰਹਿਮਪੁਤਰ ਨਦੀ ਦੀ ਚੌੜਾਈ 10.3 ਕਿਲੋਮੀਟਰ ਹੈ ਪਰ ਰੇਲਵੇ ਪੁੱਲ ਬਣਾਉਣ ਲਈ ਇਥੇ ਤਕਨੀਕ ਲਗਾ ਕੇ ਪਹਿਲਾਂ ਨਦੀ ਦੀ ਚੌੜਾਈ ਘੱਟ ਕੀਤੀ ਗਈ ਅਤੇ ਫਿਰ ਇਸ ਉਤੇ ਕਰੀਬ 5 ਕਿਲੋਮੀਟਰ ਲੰਮਾ ਰੇਲ/ਰੋਡ ਬ੍ਰਿਜ਼ ਬਣਾਇਆ ਗਿਆ ਹੈ। ਇਹ ਭਾਰਤ ਦਾ ਸਭ ਤੋਂ ਲੰਮਾ ਰੇਲ/ਰੋਡ ਬ੍ਰਿਜ਼ ਹੈ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਫਿਲਹਾਲ ਇਥੋਂ 450 ਕਿਲੋਮੀਟਰ ਦੂਰ ਗੁਵਾਹਾਟੀ ਵਿਚ ਹੀ ਬ੍ਰਹਿਮਪੁਤਰ ਨੂੰ ਪਾਰ ਕਰਨ ਲਈ ਨਦੀ ਉਤੇ ਪੁੱਲ ਮੌਜੂਦ ਹੈ। ਜਦੋਂ ਕਿ ਸੜਕ ਪੁੱਲ ਵੀ ਇਥੋਂ ਕਰੀਬ 250 ਕਿਲੋਮੀਟਰ ਦੂਰ ਹੈ। ਆਮ ਲੋਕਾਂ ਦੀ ਸਹੂਲਤ ਤੋਂ ਇਲਾਵਾ ਫੌਜੀ ਜਰੂਰਤਾਂ ਦੇ ਲਿਹਾਜ਼ੇ ਨਾਲ ਇਹ ਪੁੱਲ ਫੌਜ ਨੂੰ ਵੱਡੀ ਤਾਕਤ ਦੇਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 25 ਦਸੰਬਰ ਨੂੰ ਇਸ ਪੁੱਲ ਦਾ ਉਦਘਾਟਨ ਕਰਨਗੇ।