'ਗੋਲਡ ਮੈਡਲਿਸਟ' ਨੂੰ ਦੀਸ਼ਾਂਤ ਸਮਾਰੋਹ 'ਚ ਜਾਣ ਤੋਂ ਰੋਕਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੱਖਰੀ ਤਰ੍ਹਾਂ ਦਾ ਸਕਾਫ ਪਹਿਨਣ ਨੂੰ ਦੱਸਿਆ ਕਾਰਨ

File

ਪੁਡੂਚੇਰੀ- ਪਾਂਡੀਚੇਰੀ ਯੂਨੀਵਰਸਿਟੀ 'ਚ ਮਾਸ ਕਮਿਊਨਿਕੇਸ਼ਨ ਦੀ 'ਗੋਲਡ ਮੈਡਲਿਸਟ' ਵਿਦਿਆਰਥਣ ਨੂੰ ਦੀਸ਼ਾਂਤ (ਕਨਵੋਕੇਸ਼ਨ) ਸਮਾਰੋਹ 'ਚ ਜਾਣ ਦੀ ਆਗਿਆ ਨਹੀਂ ਮਿਲੀ। ਵਿਦਿਆਰਥਣ ਦਾ ਦੋਸ਼ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਮੌਜੂਦ ਰਹਿੰਦੇ ਹੋਏ ਵੀ ਪੁਲਸ ਨੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਰ ਕੇ ਵਿਦਿਆਰਥਣ ਨੇ ਗੋਲਡ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨਾਲ ਇਕਜੁਟਤਾ ਦਿਖਾਈ।

ਰਬੀਹਾ ਅਹਦੂਰਹੀਮ ਨਾਂ ਦੀ ਇਸ ਵਿਦਿਆਰਥਣ ਦਾ ਦੋਸ਼ ਹੈ ਕਿ ਦੀਸ਼ਾਂਤ ਸਮਾਰੋਹ ਸ਼ੁਰੂ ਹੋਣ ਤੋਂ ਪਹਿਲਾਂ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਉਸ ਨੂੰ ਆਡੀਟੋਰੀਅਮ ਤੋਂ ਜਾਣ ਲਈ ਕਿਹਾ। ਸਮਾਰੋਹ ਵਿਚ ਮੁੱਖ ਮਹਿਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਾਣ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਰਬੀਹਾ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਮੈਨੂੰ ਕਿਉਂ ਬਾਹਰ ਕਰ ਦਿੱਤਾ ਗਿਆ।

ਪਰ ਇਹ ਪਤਾ ਲੱਗਾ ਹੈ ਕਿ ਵਿਦਿਆਰਥੀਆਂ ਨੇ ਜਦੋਂ ਪੁਲਸ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਾਇਦ ਉਹ ਵੱਖਰੀ ਤਰ੍ਹਾਂ ਦਾ ਸਕਾਫ ਪਹਿਨੇ ਹੋਈ ਸੀ, ਇਸ ਲਈ ਉਸ ਨੂੰ ਬਾਹਰ ਕਰ ਦਿੱਤਾ ਗਿਆ ਪਰ ਕਿਸ ਨੇ ਮੇਰੇ ਮੂੰਹ 'ਤੇ ਕੁਝ ਨਹੀਂ ਕਿਹਾ। ਰਬੀਹਾ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਜਾਣ ਤੋਂ ਬਾਅਦ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।

ਉਸ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੂੰ ਸਟੇਜ 'ਤੇ ਗੋਲਡ ਮੈਡਲ ਲੈਣ ਲਈ ਬੁਲਾਇਆ ਗਿਆ ਤਾਂ ਮੈਂ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਮੈਨੂੰ ਗੋਲਡ ਮੈਡਲ ਨਹੀਂ ਚਾਹੀਦਾ, ਕਿਉਂਕਿ ਭਾਰਤ ਵਿਚ ਜੋ ਹੋ ਰਿਹਾ ਹੈ, ਉਹ ਬੇਹੱਦ ਖਰਾਬ ਹੈ। ਦੱਸ ਦੇਈਏ ਕਿ ਕੇਰਲ ਨਾਲ ਸੰਬੰਧ ਰੱਖਣ ਵਾਲੀ ਰਬੀਹਾ ਨੇ ਮਾਸ ਕਮਿਊਨਿਕੇਸ਼ਨ 'ਚ ਐੱਮ. ਏ. ਕੀਤੀ ਹੈ।

ਇਸ 'ਤੇ ਵਿਰੋਧ ਜਤਾਉਂਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਗੋਲਡ ਮੈਡਲਿਸਟ ਰਬੀਹਾ ਨੂੰ ਪਾਂਡੀਚੇਰੀ ਯੂਨੀਵਰਸਿਟੀ ਦੇ ਦੀਸ਼ਾਂਤ ਸਮਾਰੋਹ ਤੋਂ ਬਾਹਰ ਰੱਖਣਾ ਉਸ ਦੇ ਅਧਿਕਾਰਾਂ 'ਤੇ ਅਪਮਾਨਜਨਕ ਹਮਲਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਅਧਿਕਾਰੀ ਕੌਣ ਸੀ, ਜਿਸ ਨੇ ਵਿਦਿਆਰਥਣ ਨੂੰ ਅੰਦਰ ਆਉਣ ਤੋਂ ਮਨਾ ਕੀਤਾ। ਅਧਿਕਾਰੀ ਨੇ ਵਿਦਿਆਰਥਣ ਦੇ ਨਾਗਰਿਕ ਅਧਿਕਾਰਾਂ ਦਾ ਹਨਨ ਕੀਤਾ ਅਤੇ ਇਸ ਲਈ ਉਸ ਨੂੰ ਜਵਾਬਦੇਹੀ ਠਹਿਰਾਇਆ ਜਾਣਾ ਚਾਹੀਦਾ ਹੈ।