...ਤੇ ਹੁਣ ਬਿਨਾਂ ਜ਼ਮੀਨ ਤੇ ਮਿੱਟੀ ਤੋਂ ਹਵਾਂ 'ਚ ਉਗੜਣਗੇ ਆਲੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਆਲੂਆਂ ਦਾ ਉਤਪਾਦਨ ਹੋ ਜਾਵੇਗਾ ਦੁੱਗਣਾ

File photo

ਕਰਨਾਲ : ਦੇਸ਼ ਅੰਦਰ ਆਬਾਦੀ ਦਾ ਵਾਧਾ ਨਿਰੰਤਰ ਜਾਰੀ ਹੈ। ਗਲੋਬਗ ਵਾਰਮਿੰਗ ਤੇ ਵਧਦੀ ਆਬਾਦੀ ਕਾਰਨ ਆਉਂਦੇ ਸਮੇਂ 'ਚ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੱਡੀ ਸਮੱਸਿਆ ਬਣਨ ਜਾ ਰਿਹਾ ਹੈ। ਖਾਸ ਕਰ ਕੇ ਜਿਸ ਤਰ੍ਹਾਂ ਵਾਹੀਯੋਗ ਜ਼ਮੀਨਾਂ 'ਤੇ ਕੰਕਰੀਟ ਦੇ ਜੰਗਲ ਸਥਾਪਤ ਹੋ ਰਹੇ ਹਨ, ਉਸ ਹਿਸਾਬ ਨਾਲ ਆਉਂਦੇ ਸਮੇਂ 'ਚ ਖਾਣ-ਪੀਣ ਦੀਆਂ ਵਸਤਾਂ ਦੀ ਭਾਰੀ ਕਿਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਕਰ ਕੇ ਖੇਤੀ ਰਾਹੀਂ ਮਿਲਣ ਵਾਲੇ ਅਨਾਜ, ਫਲ ਤੇ ਸਬਜ਼ੀਆਂ ਦੀ ਕਾਸ਼ਤ 'ਤੇ ਪ੍ਰਭਾਵ ਪੈਣ ਦੇ ਅਸਾਰ ਹਨ। ਇਸ ਦੇ ਮੱਦੇਨਜ਼ਰ ਸਾਡੇ ਵਿਗਿਆਨੀ ਤੇ ਕੁੱਝ ਅਗਾਹਵਧੂ ਸੰਸਥਾਵਾਂ ਉਪਰਾਲੇ ਕਰ ਰਹੀਆਂ ਹਨ। ਅਜਿਹਾ ਹੀ ਉਪਰਾਲਾ ਕੀਤਾ ਹੈ ਹਰਿਆਣਾ ਦੇ ਇਕ ਤਕਨੀਕੀ ਕੇਂਦਰ ਨੇ। ਇਸ ਕੇਂਦਰ ਵਲੋਂ ਆਲੂਆਂ ਨੂੰ ਬਿਨਾਂ ਜ਼ਮੀਨ ਤੇ ਮਿੱਟੀ ਤੋਂ ਉਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਇਕ ਤਕਨੀਕੀ ਕੇਂਦਰ ਨੇ ਇਸ ਤਕਨੀਕ 'ਤੇ ਕੰਮ ਵੀ ਕਰ ਲਿਆ ਹੈ। ਐਰੋਪੋਨਿਕ ਨਾਂ ਦੀ ਇਸ ਤਕਨੀਕ ਰਾਹੀਂ ਅਗਲੇ ਸਾਲ ਅਪ੍ਰੈਲ 2020 ਤਕ ਕਿਸਾਨਾਂ ਲਈ ਬੀਜ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਸ ਤਕਨੀਕ ਤਹਿਤ ਵੱਡੇ ਵੱਡੇ ਡੱਬਿਆਂ 'ਚ ਆਲੂ ਦੇ ਬੂਟਿਆਂ ਨੂੰ ਟੰਗ ਦਿਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਵਿਚ ਲੋੜ ਮੁਤਾਬਕ ਪੋਸ਼ਕ ਤੱਤ ਪਾਏ ਜਾਂਦੇ ਹਨ। ਕਰਨਾਲ ਦੇ ਪਿੰਡ ਸ਼ਾਮਗੜ੍ਹ ਵਿਖੇ ਮੌਜੂਦ ਆਲੂ ਤਕਨੀਕੀ ਕੇਂਦਰ ਦੇ ਅਧਿਕਾਰੀ ਡਾ. ਸਤੇਂਦਰ ਯਾਦਵ ਨੇ  ਦਸਿਆ ਕਿ ਇਸ ਸੈਂਟਰ ਦਾ ਇੰਟਰਨੈਸ਼ਨਲ ਪੇਟੈਟੋ ਸੈਂਟਰ ਨਾਲ ਇਕ ਸਮਝੌਤਾ ਹੋਇਆ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਐਰੋਪੋਨਿਕ ਤਕਨੀਕ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿਤੀ।

ਸੈਂਟਰ ਵਲੋਂ ਬਿਨਾਂ ਮਿੱਟੀ ਦੇ ਕਾਕਪਿਟ 'ਚ ਆਲੂ ਦਾ ਬੀਜ ਉਤਪਾਦਨ ਸ਼ੁਰੂ ਕੀਤਾ ਗਿਆ ਹੈ। ਇਸ ਤਕਨੀਕ ਨਾਲ ਆਲੂ ਦੀ ਪੈਦਾਵਾਰ ਤਕਰੀਬਨ ਦੁੱਗਣੀ ਹੋਣ ਦੀ ਉਮੀਦ ਹੈ। ਇਸ ਤਕਨੀਕ ਜ਼ਰੀਏ ਇਕ ਬੂਟੇ ਨੂੰ ਘੱਟੋ ਘੱਟ 40 ਤੋਂ 60 ਆਲੂ ਲੱਗਦੇ ਹਨ, ਜਿਨ੍ਹਾਂ ਨੂੰ ਬੀਜ ਦੇ ਤੌਰ 'ਤੇ ਖੇਤਾਂ ਵਿਚ ਬੀਜਿਆ ਜਾਵੇਗਾ।