ਓਮੀਕਰੋਨ ਦੀ ਦਹਿਸ਼ਤ! ਹਾਈ ਕੋਰਟ ਨੇ ਯੂਪੀ ਚੋਣਾਂ ਟਾਲਣ ਦੀ ਕੀਤੀ ਅਪੀਲ, ਕਿਹਾ- ਜਾਨ ਹੈ ਤਾਂ ਜਹਾਨ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਟੀਵੀ ਅਤੇ ਅਖ਼ਬਾਰਾਂ ਰਾਹੀਂ ਪ੍ਰਚਾਰ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।

Delay UP Elections, Ban Rallies: Court Urges Poll Body, PM Over Omicron

ਲਖਨਊ: ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਚੋਣ ਕਮਿਸ਼ਨਰ ਨੂੰ ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੋਰੋਨਾ ਦੀ ਤੀਜੀ ਲਹਿਰ ਤੋਂ ਜਨਤਾ ਨੂੰ ਬਚਾਉਣ ਲਈ ਅਪੀਲ ਕੀਤੀ ਹੈ, ਜਿਸ ਵਿਚ ਕਿਹਾ ਗਿਆ ਕਿ ਦੇਸ਼ ਅਤੇ ਵਿਦੇਸ਼ ਵਿਚ ਨਵੇਂ ਵੇਰੀਐਂਟ ਓਮੀਕਰੋਨ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਵਲੋਂ ਭੀੜ ਇਕੱਠੀ ਕਰਕੇ ਚੋਣ ਰੈਲੀਆਂ ਕਰਨ ਤੋਂ ਰੋਕਣ ਲਈ ਕਿਹਾ ਗਿਆ।

ਅਦਾਲਤ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਟੀਵੀ ਅਤੇ ਅਖ਼ਬਾਰਾਂ ਰਾਹੀਂ ਪ੍ਰਚਾਰ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ 'ਏਬੀਪੀ ਸੀ ਵੋਟਰ' ਨੇ ਇਸ ਮੁੱਦੇ 'ਤੇ ਸਰਵੇਖਣ ਕੀਤਾ ਸੀ, ਜਨਤਾ ਵੀ ਚਾਹੁੰਦੀ ਹੈ ਕਿ ਰੈਲੀਆਂ ਨਾ ਕੀਤੀਆਂ ਜਾਣ ।ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹੋਏ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਉਹ ਚੋਣ ਮੀਟਿੰਗਾਂ ਅਤੇ ਰੈਲੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਚੋਣ ਨੂੰ ਮੁਲਤਵੀ ਕਰਨ ਬਾਰੇ ਵੀ ਵਿਚਾਰ ਕਰਨ ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ।

ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਇਹ ਹੁਕਮ ਨਾਰਥ ਗੈਂਗਸਟਰ ਐਕਟ ਤਹਿਤ ਜੇਲ 'ਚ ਬੰਦ ਦੋਸ਼ੀ ਸੰਜੇ ਯਾਦਵ ਨੂੰ ਜ਼ਮਾਨਤ ਦਿੰਦੇ ਹੋਏ ਦਿੱਤੇ ਹਨ। ਸੰਜੇ ਯਾਦਵ ਦੇ ਖਿਲਾਫ ਇਲਾਹਾਬਾਦ ਦੇ ਥਾਣਾ ਕੈਂਟ ਇਲਾਕੇ 'ਚ ਮਾਮਲਾ ਦਰਜ ਹੈ। ਉੱਚ ਅਦਾਲਤ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਅੱਜ ਇਸ ਅਦਾਲਤ ਦੇ ਸਾਹਮਣੇ ਕਰੀਬ ਚਾਰ ਸੌ ਮਾਮਲੇ ਸੂਚੀਬੱਧ ਹਨ। ਇਸੇ ਤਰ੍ਹਾਂ ਰੁਟੀਨ ਕੇਸ ਇਸ ਅਦਾਲਤ ਦੇ ਸਾਹਮਣੇ ਸੂਚੀਬੱਧ ਹਨ। ਜਿਸ ਕਾਰਨ ਵਕੀਲਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਉਹਨਾਂ ਵਿਚਕਾਰ ਕੋਈ ਸਮਾਜਿਕ ਦੂਰੀ ਨਹੀਂ ਹੈ। ਵਕੀਲ ਇਕ ਦੂਜੇ ਦੇ ਨੇੜੇ ਖੜ੍ਹੇ ਹੁੰਦੇ ਹਨ, ਜਦਕਿ ਓਮੀਕਰੋਨ ਦੇ ਮਰੀਜ਼ ਵੱਧ ਰਹੇ ਹਨ।

ਇਸ ਦੇ ਨਾਲ ਹੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਇਸ ਭਿਆਨਕ ਮਹਾਮਾਰੀ ਦੇ ਮੱਦੇਨਜ਼ਰ ਚੀਨ, ਨੀਦਰਲੈਂਡ, ਆਇਰਲੈਂਡ, ਜਰਮਨੀ, ਸਕਾਟਲੈਂਡ ਵਰਗੇ ਦੇਸ਼ਾਂ ਨੇ ਪੂਰਨ ਜਾਂ ਅੰਸ਼ਕ ਤਾਲਾਬੰਦੀ ਲਗਾ ਦਿੱਤੀ ਹੈ। ਅਜਿਹੀ ਸਥਿਤੀ ਵਿਚ ਰਜਿਸਟਰਾਰ ਜਨਰਲ, ਹਾਈ ਕੋਰਟ ਇਲਾਹਾਬਾਦ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਨਿਯਮ ਬਣਾਉਣ। ਅਦਾਲਤ ਨੇ ਕਿਹਾ ਗ੍ਰਾਮ ਪੰਚਾਇਤ ਦੀਆਂ ਚੋਣਾਂ ਅਤੇ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ, ਜਿਸ ਕਾਰਨ ਲੋਕਾਂ ਦੀ ਮੌਤ ਹੋ ਗਈ। ਅੱਜ ਮੁੜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੇੜੇ ਹਨ, ਜਿਸ ਲਈ ਸਾਰੀਆਂ ਪਾਰਟੀਆਂ ਰੈਲੀਆਂ, ਮੀਟਿੰਗਾਂ ਆਦਿ ਕਰਕੇ ਲੱਖਾਂ ਲੋਕਾਂ ਦਾ ਇਕੱਠ ਕਰ ਰਹੀਆਂ ਹਨ। ਜਿੱਥੇ ਕਿਸੇ ਵੀ ਤਰੀਕੇ ਨਾਲ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨਾ ਸੰਭਵ ਨਹੀਂ ਹੈ ਅਤੇ ਇਸ ਨੂੰ ਸਮੇਂ ਸਿਰ ਰੋਕਿਆ ਨਹੀਂ ਜਾਂਦਾ ਤਾਂ ਨਤੀਜਾ ਦੂਜੀ ਲਹਿਰ ਨਾਲੋਂ ਬਹੁਤ ਜ਼ਿਆਦਾ ਭਿਆਨਕ ਹੋਵੇਗਾ।

ਹਾਈਕੋਰਟ ਨੇ ਕਿਹਾ ਕਿ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ, ਜਿਨ੍ਹਾਂ ਨੇ ਇਕ ਵਿਸ਼ਾਲ ਦੇਸ਼ ਵਿਚ ਮੁਫਤ ਕੋਰੋਨਾ ਟੀਕਾਕਰਨ ਦੀ ਮੁਹਿੰਮ ਚਲਾਈ ਹੈ। ਇਹ ਸ਼ਲਾਘਾਯੋਗ ਹੈ ਅਤੇ ਅਦਾਲਤ ਇਸ ਦੀ ਪ੍ਰਸ਼ੰਸਾ ਕਰਦੀ ਹੈ। ਇਸ ਦੇ ਨਾਲ ਹੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਉਹ ਇਸ ਭਿਆਨਕ ਮਹਾਂਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ ਰੈਲੀਆਂ, ਮੀਟਿੰਗਾਂ ਅਤੇ ਆਉਣ ਵਾਲੀਆਂ ਚੋਣਾਂ ਨੂੰ ਰੋਕਣ ਅਤੇ ਮੁਲਤਵੀ ਕਰਨ ਬਾਰੇ ਵਿਚਾਰ ਕਰਨ ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਅਦਾਲਤ ਨੇ ਇਸ ਹੁਕਮ ਦੀ ਕਾਪੀ ਰਜਿਸਟਰਾਰ ਜਨਰਲ, ਹਾਈ ਕੋਰਟ ਇਲਾਹਾਬਾਦ, ਚੋਣ ਕਮਿਸ਼ਨਰ ਅਤੇ ਕੇਂਦਰ ਸਰਕਾਰ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।