ਚੰਡੀਗੜ੍ਹ ਦੇ ਕਾਲਜ 'ਚ ਰੈਗਿੰਗ ਦੇ ਨਾਂਅ 'ਤੇ ਵਿਦਿਆਰਥੀ 'ਤੇ ਸਰੀਰਕ ਤਸ਼ੱਦਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਹੋਇਆ ਭਰਪੂਰ ਹੰਗਾਮਾ 

Image

 

ਚੰਡੀਗੜ੍ਹ - ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ (ਸੀ.ਸੀ.ਏ.) ਦੇ ਵਿਦਿਆਰਥੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ 'ਚ ਰੈਗਿੰਗ ਦੇ ਨਾਂਅ 'ਤੇ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਦਾ ਸਰੀਰਕ ਸ਼ੋਸ਼ਣ ਕਰਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ ਨਾਲ ਬੜਾ ਹੰਗਾਮਾ ਖੜ੍ਹਾ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਣਾਈ ਗਈ ਹੈ, ਜਿਸ ਨੇ ਵੀਰਵਾਰ ਨੂੰ ਹੋਈ ਰੈਗਿੰਗ ਆਪਣੀਆਂ ਅੱਖਾਂ ਨਾਲ ਦੇਖੀ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਇੱਕ 'ਤੇ ਇੱਕ ਅਣ-ਪ੍ਰਮਾਣਿਤ ਐਕਾਉਂਟ ਦੁਆਰਾ ਸਾਂਝਾ ਕੀਤਾ ਗਿਆ, ਜਿਸ 'ਚ ਸੀਨੀਅਰ ਵਿਦਿਆਰਥੀ ਪਹਿਲੇ ਸਾਲ ਦੇ ਇੱਕ ਵਿਦਿਆਰਥੀ 'ਤੇ ਸਰੀਰਕ ਤਸ਼ੱਦਦ ਕਰਦੇ ਹੋਏ ਅਤੇ ਦੂਜੇ ਵਿਦਿਆਰਥੀਆਂ ਨੂੰ ਲਾਈਨ ਵਿੱਚ ਬੈਠਣ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਕਹਿੰਦੇ ਦਿਖਾਈ ਦਿੰਦੇ ਹਨ। 

ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਕਤਾਰ ਵਿੱਚ ਖੜ੍ਹੇ ਹੋਣ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਕਹਿਣ ਵਾਲਿਆਂ ਵਿੱਚ ਪੁਰਸ਼ ਤੇ ਇਸਤਰੀ ਦੋਵੇਂ ਵਿਦਿਆਰਥੀ ਸਨ।  ਸੀਨੀਅਰ ਵਿਦਿਆਰਥੀਆਂ ਨੂੰ ਨੇੜੇ ਹਾਜ਼ਰ ਲੋਕਾਂ ਨੂੰ ਪੀੜਤ (ਵਿਦਿਆਰਥੀ) ਨੂੰ ਕੁੱਟਣ ਲਈ ਉਤਸ਼ਾਹਿਤ ਕਰਦੇ ਵੀ ਸੁਣਿਆ ਗਿਆ।

“ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ। ਕਾਲਜ ਦੀ ਐਂਟੀ-ਰਗਿੰਗ ਕਮੇਟੀ ਨੇ ਮਾਮਲੇ ਦੀ ਜਾਂਚ ਕਰਕੇ ਰੈਗਿੰਗ ਵਿੱਚ ਸ਼ਾਮਲ ਵਿਦਿਆਰਥੀਆਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਵਿਰੁੱਧ ਉੱਚਤਮ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ,” ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਸੰਗੀਤਾ ਬੱਗਾ ਨੇ ਕਿਹਾ।

ਸੂਤਰਾਂ ਨੇ ਦਾਅਵਾ ਕੀਤਾ ਕਿ ਛੇ ਤੋਂ ਸੱਤ ਵਿਦਿਆਰਥੀਆਂ ਦੀ ਪਛਾਣ ਕਰ ਲਈ ਗਈ ਹੈ, ਜਦਕਿ ਘਟਨਾ ਦੇ ਗਵਾਹ ਰਹੇ ਹੋਰ ਵਿਦਿਆਰਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਮਾਮਲਾ ਯੂ.ਟੀ. ਪੁਲੀਸ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਕਾਲਜ ਪ੍ਰਸ਼ਾਸਨ ਨੇ ਵੀਡੀਓ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਨਹੀਂ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਮਾਪਿਆਂ ਨੇ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਸੀ.ਸੀ.ਏ. ਕੈਂਪਸ ਵਿੱਚ ਅਜਿਹੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ।

“ਇਸ 'ਤੇ ਰੋਕ ਲੱਗਣੀ ਚਾਹੀਦੀ ਹੈ। ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਬਹੁਤ ਅਜੀਬੋ-ਗਰੀਬ ਕੰਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾਂਦੀ ਹੈ। ਇਸ ਮੌਜੂਦਾ ਵੀਡੀਓ 'ਚ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥਣਾਂ ਵੀ ਰੈਗਿੰਗ 'ਚ ਹਿੱਸਾ ਲੈ ਰਹੀਆਂ ਹਨ। ਅਜਿਹਾ ਹਰ ਸਾਲ ਹੁੰਦਾ ਹੈ। ਅਸੀਂ ਪਿਛਲੇ ਸਮੇਂ ਦੇ ਪੀੜਤਾਂ ਵਿੱਚੋਂ ਇੱਕ ਹਾਂ” ਮਾਪਿਆਂ ਵਿੱਚੋਂ ਇੱਕ ਨੇ ਕਿਹਾ।

ਹਾਲਾਂਕਿ ਇਸ ਦੌਰਾਨ ਪ੍ਰਿੰਸੀਪਲ ਸੰਗੀਤਾ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ।

2012 ਦੀ ਇੱਕ ਘਟਨਾ

2012 ਵਿੱਚ, ਇਸੇ ਸੰਸਥਾ ਦੇ ਅੱਠ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਰੈਗਿੰਗ ਵਿੱਚ ਸ਼ਾਮਲ ਹੋਣ ਲਈ ਪਹਿਲੇ ਸਾਲ ਦੇ ਇੱਕ ਵਿਦਿਆਰਥੀ ਦੀ ਸ਼ਿਕਾਇਤ 'ਤੇ ਕੱਢ ਦਿੱਤਾ ਗਿਆ ਸੀ। ਰੋਕਥਾਮ ਵਜੋਂ, ਹੋਸਟਲ ਦੇ ਕਮਰਿਆਂ ਦੀ ਵੀ ਫ਼ੇਰਬਦਲ ਕੀਤੀ ਗਈ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਹੇਠਲੀ ਮੰਜ਼ਿਲ 'ਤੇ ਤਬਦੀਲ ਕਰ ਦਿੱਤਾ ਗਿਆ, ਜਦ ਕਿ ਬਾਕੀਆਂ ਨੂੰ ਪਹਿਲੀ ਮੰਜ਼ਿਲ 'ਤੇ ਰੱਖਿਆ ਗਿਆ।