ਤਖ਼ਤ ਸ੍ਰੀ ਪਟਨਾ ਸਾਹਿਬ ਕਰੇਗਾ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਥਾਵਾਂ 'ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦਾ ਦਾਅਵਾ

Giani Iqbal Singh

ਸ਼੍ਰੀ ਪਟਨਾ ਸਾਹਿਬ : ਬੰਗਲਾਦੇਸ਼ ਦੇ ਗੁਰੂਘਰਾਂ ਨੂੰ ਨਵਾਂ ਰੂਪ ਦੇਣ, ਉਨ੍ਹਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਦੇ ਸੁੰਦਰੀਕਰਨ ਲਈ ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਸਾਂਭ–ਸੰਭਾਲ ਹੁਣ 'ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ' ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਤਖ਼ਤ ਸਾਹਿਬ ਨੂੰ ਦੱਖਣੀ ਭਾਰਤ ਦੇ ਗੁਰੂ ਘਰਾਂ ਦੀ ਦੇਖਭਾਲ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਪਿਛਲੇ ਹਫ਼ਤੇ ਬੰਗਲਾਦੇਸ਼ ਵਿਚ ਜਾ ਕੇ ਉਥੋਂ ਦੇ ਗੁਰੂਘਰਾਂ ਦੀ ਹਾਲਤ ਜਾਣਨ ਦਾ ਫ਼ੈਸਲਾ ਕੀਤਾ ਸੀ।

ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਨਵਾਂ ਰੂਪ ਦੇਣ ਬਾਰੇ ਕੋਈ ਪ੍ਰਭਾਵਸ਼ਾਲੀ ਯੋਜਨਾ ਉਲੀਕੀ ਜਾ ਸਕੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਕਾਰ ਤੇ ਪ੍ਰੋਫ਼ੈਸਰ ਡਾ. ਪਰਮਵੀਰ ਸਿੰਘ ਨੂੰ ਤਖ਼ਤ ਸਾਹਿਬ ਦੀ ਕਮੇਟੀ ਵਲੋਂ ਬੰਗਲਾਦੇਸ਼ ਜਾ ਕੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਦਸ਼ਾ ਜਾਣਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਹ ਗੁਰਦੁਆਰਾ ਸਾਹਿਬ ਜਿੱਥੇ ਸਥਾਪਤ ਹਨ, ਉਨ੍ਹਾਂ ਥਾਵਾਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ–ਛੋਹ ਪ੍ਰਾਪਤ ਹੈ। ਉਨ੍ਹਾਂ ਗੁਰੂਘਰਾਂ ਵਿਚ ਗੁਰੂ ਸਾਹਿਬਾਨ ਦੇ ਪੈੜ–ਚਿੰਨ੍ਹ ਵੀ ਮੌਜੂਦ ਹਨ।

ਜਾਣਕਾਰੀ ਅਨੁਸਾਰ 1971 ਦੀ ਜੰਗ ਦੌਰਾਨ ਬੰਗਲਾਦੇਸ਼ ਵਿਚ 9 ਗੁਰਦੁਆਰਾ ਸਾਹਿਬਾਨ ਦੇ ਢਹਿ–ਢੇਰੀ ਹੋਣ ਦੇ ਪ੍ਰਮਾਣ ਵੀ ਮੌਜੂਦ ਹਨ ਪਰ ਸਥਾਨਕ ਸਰਕਾਰਾਂ ਨੇ ਉਨ੍ਹਾਂ ਦੀ ਮੁੜ–ਉਸਾਰੀ ਵੱਲ ਕਦੇ ਕੋਈ ਧਿਆਨ ਹੀ ਨਹੀਂ ਦਿਤਾ। ਉਨ੍ਹਾਂ ਦਾਅਵਾ ਕੀਤਾ ਕਿ ਢਾਕਾ ਯੂਨੀਵਰਸਿਟੀ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਬਣੀ ਹੋਈ ਹੈ। ਜਿਹੜਾ ਗੁਰੂਘਰ ਪਹਿਲਾਂ ਢਹਿ–ਢੇਰੀ ਹੋ ਗਿਆ ਸੀ, ਉਸ ਦੀ ਕਾਫ਼ੀ ਜ਼ਮੀਨ ਖ਼ਾਲੀ ਪਈ ਸੀ। ਹੁਣ ਸਥਾਨਕ ਅਧਿਕਾਰੀਆਂ ਤੋਂ ਵਾਜ਼ਿਬ ਦਸਤਾਵੇਜ਼ ਲੈ ਕੇ ਉਸ ਜ਼ਮੀਨ ਦੀ ਮਾਲਕੀ ਬਾਰੇ ਪਤਾ ਕੀਤਾ ਜਾਵੇਗਾ ਤੇ ਉੱਥੇ ਜ਼ਮੀਨ ਵਿਚ ਕੁਝ ਸੁਧਾਰ ਲਿਆਂਦੇ ਜਾਣਗੇ।

ਉਂਝ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਕੁੱਝ ਸਾਲ ਪਹਿਲਾਂ ਵੀ ਬੰਗਲਾਦੇਸ਼ ਦੇ ਗੁਰੂਘਰਾਂ ਦਾ ਜਾਇਜ਼ਾ ਲੈਣ ਲਈ ਇਕ ਟੀਮ ਬਣਾਈ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਕਮੇਟੀ ਆਪਣਾ ਕੰਮ ਸਹੀ ਤਰੀਕੇ ਨਾਲ ਨੇਪਰੇ ਨਹੀਂ ਚਾੜ੍ਹ ਸਕੀ ਸੀ। ਦਸ ਦਈਏ ਕਿ 1960 ਦੇ ਅਖ਼ੀਰ ਤਕ ਬੰਗਲਾਦੇਸ਼ ਵਿਚ 18 ਗੁਰਦੁਆਰਾ ਸਾਹਿਬ ਸਨ ਪਰ ਹੁਣ ਸਿਰਫ਼ ਪੰਜ ਗੁਰੂਘਰ ਹੀ ਰਹਿ ਗਏ ਹਨ ਜਦਕਿ ਬਾਕੀ ਦੇ 1971 ਵਿਚ ਬੰਗਲਾਦੇਸ਼ ਦੀ ਜੰਗ ਦੌਰਾਨ ਤਬਾਹ ਹੋ ਗਏ ਸਨ। ਇਨ੍ਹਾਂ ਵਿਚੋਂ ਦੋ ਰਾਜਧਾਨੀ ਢਾਕਾ ਵਿਖੇ ਸਥਿਤ ਹਨ, ਦੋ ਚਿਟਾਗੌਂਗ ਵਿਚ ਅਤੇ ਪੰਜਵਾਂ ਗੁਰੂਘਰ ਢਾਕਾ ਤੋਂ 200 ਕਿਲੋਮੀਟਰ ਦੂਰ ਮੇਮਨਸਿੰਘ ਵਿਖੇ ਸਥਾਪਤ ਹੈ।