ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਵਲੋਂ ਬਾਬਾ ਬਲਬੀਰ ਸਿੰਘ ਨੂੰ 'ਪੰਥ ਰਤਨ' ਦਾ ਖ਼ਿਤਾਬ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ 11ਵੇਂ ਮੁਖੀ ਰਹਿ ਚੁਕੇ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਕਲਾਧਾਰੀ...........

Jathedar and Baba Balbir Singh.

ਬਠਿੰਡਾ (ਦਿਹਾਤੀ)  : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ 11ਵੇਂ ਮੁਖੀ ਰਹਿ ਚੁਕੇ ਸੱਚਖੰਡ ਵਾਸੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਮਿੱਠੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਸਮਾਗਮ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਸਾਹਿਬ (ਪਾ:10 ਵੀਂ) ਛਾਉਣੀ ਨਿਹੰਗ ਸਿੰਘਾਂ ਵਿਖੇ ਸ਼ਰਧਾ ਪੂਰਵਕ ਮਨਾਏ ਗਏ। ਸਮਾਗਮਾਂ ਵਿਚ ਭਾਰੀ ਗਿਣਤੀ ਵਿਚ  ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਰੱਖੇ ਆਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਪੂਰਵਕ ਅਤੇ ਗੁਰਮਰਿਆਦਾ ਅਨੁਸਾਰ ਪਾਏ ਗਏ।

ਸਮਾਗਮ ਦੌਰਾਨ ਤਖ਼ਤ ਅਬਚਿਲ ਨਗਰ ਨਾਂਦੇੜ (ਹਜ਼ੂਰ ਸਾਹਿਬ) ਅਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਸਮੁੱਚੇ ਜੀਵਨ ਬਾਰੇ ਚਾਣਨਾ ਪਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਵੀਰ ਸਿੰਘ ਨੇ ਬੁੱਢਾ ਦਲ ਦੇ ਸਮੁੱਚੇ ਇਤਿਹਾਸ ਅਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ ਜੀਵਨ ਤੋਂ ਸੰਗਤਾਂ

ਨੂੰ ਜਾਣੂੰ ਕਰਵਾਇਆ। ਸਮਾਗਮ ਦੌਰਾਨ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਬੁੱਢਾ ਦਲ ਦੇ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ ਹਿੰਦੋਸਤਾਨ ਵਿਸ਼ਵ ਨੂੰ ਉਨ੍ਹਾਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਨਿਭਾਈ ਭੂਮਿਕਾ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਨਿਭਾਏ ਯਤਨਾਂ ਸਦਕਾ ਤਖ਼ਤ ਸਾਹਿਬ ਵਲੋਂ 'ਪੰਥ ਰਤਨ' ਸਨਮਾਨ ਦੇਣ ਦਾ ਐਲਾਨ ਕੀਤਾ

ਜਿਸ ਦਾ ਸੰਗਤਾਂ ਨੇ ਜੈਕਾਰਿਆਂ ਦੇ ਰੂਪ ਵਿਚ ਸਵਾਗਤ ਕੀਤਾ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੁੱਢਾ ਦਲ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ ਮਹੱਤਵ ਹੈ ਤੇ ਅੱਜ ਵੀ ਦਲ ਪੰਥ ਜਿਥੇ ਘੋੜਿਆਂ ਤੇ ਵਿਚਰ ਕੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਹੋਣ ਦਾ ਸਬੂਤ ਪੇਸ਼ ਕਰ ਰਿਹਾ ਹੈ ਉਥੇ ਸਿੱਖ ਸ਼ਸਤਰ ਕਲਾ ਗਤਕੇ ਨੂੰ ਫੈਲਾਉਣ ਲਈ ਜੋ ਯਤਨ ਬੁੱਢਾ ਦਲ ਵਲੋਂ ਕੀਤੇ ਜਾ ਰਹੇ ਨੇ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਸਮਾਗਮ ਦੌਰਾਨ ਤਖ਼ਤ ਹਜ਼ੂਰ ਸਾਹਿਬ ਤੋਂ ਮੀਤ ਗੰ੍ਰਥੀ ਬਾਬਾ ਅਵਤਾਰ ਸਿੰਘ ਦੇ ਜਥੇ ਵਲੋਂ ਬਾਬਾ ਬਲਬੀਰ ਸਿੰਘ ਨੂੰ ਦਸਤਾਰ ਸਣੇ ਵਸਤਰ ਭੇਂਟ ਕੀਤੇ ਗਏ।

ਸਮਾਗਮ ਦੇ ਅੰਤ ਵਿਚ ਬਾਬਾ ਬਲਬੀਰ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧਨਵਾਦ ਕਰਦਿਆਂ ਉਨਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਤਖਤ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਵੱਲੋਂ ਮੀਤ ਗ੍ਰੰਥੀ ਗਿਆਨੀ ਅਵਤਾਰ ਸਿੰਘ, ਤਰਨਾ ਦਲ ਦੇ ਬਾਬਾ ਗੱਜਣ ਸਿੰਘ, ਦਲ ਪੰਥ ਬਿਧੀ ਚੰਦ ਦੇ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਿਹਾਲ ਸਿੰਘ, ਬਾਬਾ ਨਾਗਰ ਸਿੰਘ ਹਰੀਆਂਵੇਲਾਂ, ਭਾਈ ਵਿਜੈ ਸਿੰਘ ਸਕੱਤਰ, ਜੱਥੇਦਾਰ ਕਰਨੈਲ ਸਿੰਘ ਪੰਜੋਲੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਅੰਤ੍ਰਿਗ ਮੈਂਬਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬਾਬੂ ਸਿੰਘ ਮਾਨ ਅਕਾਲੀ ਆਗੂ,

ਬਾਬਾ ਵੱਸਣ ਸਿੰਘ ਮੜੀਆਂਵਾਲੇ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਛਿੰਦਾ ਸਿੰਘ ਭਿੱਖੀਵਿੰਡ, ਬਾਬਾ ਬਲਦੇਵ ਸਿੰਘ ਬੱਲਾ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ, ਬਾਬਾ ਬਲਕਾਰ ਸਿੰਘ ਮਾਲਵਾ ਤਰਨਾ ਦਲ, ਬਾਬਾ ਸੁਖਦੇਵ ਸਿੰਘ ਭੁਰੀ ਵਾਲੇ ਆਦਿ ਹਾਜ਼ਰ ਸਨ। ਸਟੇਜ ਦੀ ਭੂਮਿਕਾ ਭਾਈ ਸੁਖਮੰਦਿਰ ਸਿੰਘ ਮੋਰ ਨੇ ਬਾਖੂਬੀ ਨਿਭਾਈ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਤੇ ਨਿਹੰਗ ਸਿੰਘਾਂ ਦੇ ਲਾਇਸੰਸ ਨਵੇਂ ਬਣਾਏ ਤੇ ਰਿਨੀਊ ਕੀਤੇ ਗਏ। ਨਿਹੰਗਾਂ ਸਿੰਘਾਂ ਵਲੋਂ ਮਹੱਲਾ ਕੱਢਣ ਨਾਲ ਸਮਾਗਮ ਸਮਾਪਤ ਹੋਇਆ।