PM ਮੋਦੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦਿਆਰਥੀ ਸੰਗਠਨ NSUI ਵਲੋਂ ਦਿਖਾਈ ਜਾ ਰਹੀ ਸੀ ਡਾਕੂਮੈਂਟਰੀ 

Punjab University’s screening of PM Modi-BBC series interrupted midway

ਯੂਨੀਵਰਸਿਟੀ ਅਥਾਰਿਟੀ ਨੇ ਮੌਕੇ 'ਤੇ ਪਹੁੰਚ ਕੇ ਕਰਵਾਈ ਬੰਦ

ਚੰਡੀਗੜ੍ਹ : ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਗੁਜਰਾਤ ਦੰਗਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ 'ਦਿ ਮੋਦੀ ਕੁਏਸ਼ਚਨ' ਦੇ ਚੱਲਣ ਨੂੰ ਲੈ ਕੇ ਹੰਗਾਮਾ ਹੋਇਆ। ਜਦੋਂ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਵੱਲੋਂ ਵਿਦਿਆਰਥੀ ਕੇਂਦਰ ਵਿੱਚ ਡਾਕੂਮੈਂਟਰੀ ਚਲਾਈ ਗਈ ਤਾਂ ਬਹੁਤ ਸਾਰੇ ਵਿਦਿਆਰਥੀ ਇਸ ਨੂੰ ਦੇਖਣ ਲਈ ਪੁੱਜੇ। ਇਸ ਦੌਰਾਨ ਯੂਨੀਵਰਸਿਟੀ ਅਥਾਰਟੀ ਨੂੰ ਇਸ ਬਾਰੇ ਪਤਾ ਲੱਗਿਆ। ਉਹ ਮੌਕੇ 'ਤੇ ਪੁੱਜੇ ਅਤੇ ਦਸਤਾਵੇਜ਼ੀ ਫਿਲਮ ਨੂੰ ਤੁਰੰਤ ਬੰਦ ਕਰਵਾਇਆ। ਇਸ ਤੋਂ ਪਹਿਲਾਂ ਤਕਰੀਬਨ ਅੱਧੀ ਡਾਕੂਮੈਂਟਰੀ ਲੰਘ ਚੁੱਕੀ ਸੀ।

ਇਹ ਵੀ ਪੜ੍ਹੋ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਾਮਿਸਾਲ ਕਾਰਗੁਜ਼ਾਰੀ ਵਾਲੇ ਭਾਰਤ ਦੇ 22 ਅਫ਼ਸਰਾਂ ਵਿਚ ਸ਼ਾਮਲ 

ਐਨਐਸਯੂਆਈ ਦੇ ਪ੍ਰਧਾਨ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਸਚਿਨ ਗਾਲਵ ਸ਼ਰਮਾ ਨੇ ਕਿਹਾ ਕਿ ਇਸ ਡਾਕੂਮੈਂਟਰੀ ਨੂੰ ਰੋਕਣਾ ਗਲਤ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਬੰਧਤ ਇਸ ਡਾਕੂਮੈਂਟਰੀ ਨੂੰ ਦੇਖਣ ਦਾ ਹਰ ਕਿਸੇ ਨੂੰ ਹੱਕ ਹੋਣਾ ਚਾਹੀਦਾ ਹੈ। ਇਸ ਡਾਕੂਮੈਂਟਰੀ ਨੂੰ ਚਲਾਉਣ ਲਈ ਉਸ ਨੇ ਸਵੇਰੇ ਵੀਸੀ ਦਫ਼ਤਰ ਤੱਕ ਪਹੁੰਚ ਕੀਤੀ ਸੀਪਰ ਵੀਸੀ ਨਹੀਂ ਮਿਲ ਸਕੇ। ਜਿਸ ਤੋਂ ਬਾਅਦ ਸ਼ਾਮ ਨੂੰ ਚਲਾਇਆ ਗਿਆ।

ਸਚਿਨ ਗਾਲਵ ਨੇ ਲਗਾਤਾਰ ਪੀਯੂ ਅਥਾਰਟੀ ਤੋਂ ਸਿਰਫ਼ 5 ਮਿੰਟ ਹੋਰ ਡਾਕੂਮੈਂਟਰੀ ਚਲਾਉਣ ਦੀ ਮੰਗ ਕੀਤੀ ਪਰ ਅਥਾਰਟੀ ਪ੍ਰੋਜੈਕਟਰ ਨੂੰ ਬੰਦ ਕਰਨ 'ਤੇ ਅੜੀ ਰਹੀ ਅਤੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀਸੀ) ਨਾਲ ਵੀ ਫੋਨ ’ਤੇ ਗੱਲ ਕੀਤੀ ਗਈ। ਹਾਲਾਂਕਿ ਕੋਈ ਸਕਾਰਾਤਮਕ ਹੁੰਗਾਰਾ ਨਾ ਮਿਲਣ ਕਾਰਨ ਡਾਕੂਮੈਂਟਰੀ ਨੂੰ ਰੋਕਣਾ ਪਿਆ। ਗਾਲਵ ਨੇ ਕਿਹਾ ਕਿ ਵਿਦਿਆਰਥੀ ਇਸ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ। ਯੂਨੀਵਰਸਿਟੀ ਅਥਾਰਟੀ ਨੇ ਤਾਨਾਸ਼ਾਹੀ ਢੰਗ ਨਾਲ ਇਸ ਨੂੰ ਬੰਦ ਕਰਵਾ ਦਿੱਤਾ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਅਸ਼ੀਸ਼ ਮਿਸ਼ਰਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੀ ਨਿਖੇਧੀ

ਸਚਿਨ ਗਾਲਵ ਨੇ ਵੀਸੀ ਨੂੰ ਫ਼ੋਨ 'ਤੇ ਦੱਸਿਆ ਕਿ ਉਹ ਦੁਪਹਿਰ ਵੇਲੇ ਡਾਕੂਮੈਂਟਰੀ ਦੀ ਪ੍ਰਵਾਨਗੀ ਲੈਣ ਲਈ ਉਨ੍ਹਾਂ ਦੇ ਦਫ਼ਤਰ ਆਇਆ ਸੀ ਪਰ ਉਹ ਉੱਥੇ ਨਹੀਂ ਸੀ | ਗਾਲਵ ਨੇ ਵੀਸੀ ਨੂੰ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡਾਕੂਮੈਂਟਰੀ ਹੈ, ਜੇਕਰ ਹਰ ਕੋਈ ਦੇਖ ਲਵੇ ਤਾਂ ਕੀ ਦਿੱਕਤ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਇਸ ਡਾਕੂਮੈਂਟਰੀ ਦੇ ਚੱਲਣ ਤੋਂ ਪਹਿਲਾਂ ਪੁਲਿਸ ਨੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਭਾਰਤ ਸਰਕਾਰ ਨੇ ਇਸ ਡਾਕੂਮੈਂਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ।