ਲਖਨਊ: ਭੂਚਾਲ ਕਾਰਨ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ, 12 ਘੰਟੇ ਤੋਂ ਬਚਾਅ ਕਾਰਜ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਪਾ ਦੇ ਕਿਥੋਰ ਦੇ ਵਿਧਾਇਕ ਅਤੇ ਇਮਾਰਤ ਦੇ ਮਾਲਕ ਸਾਬਕਾ ਕੈਬਨਿਟ ਮੰਤਰੀ ਸ਼ਾਹਿਦ ਮਨਸੂਰ ਦੇ ਪੁੱਤਰ ਨਵਾਜ਼ਿਸ਼ ਮੰਸੂਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

Residential building collapses in Lucknow's Hazratganj

 

ਲਖਨਊ: ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਮੰਗਲਵਾਰ ਰਾਤ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਵਜ਼ੀਰ ਹਸਨ ਰੋਡ 'ਤੇ ਇਕ 5 ਮੰਜ਼ਿਲਾ ਇਮਾਰਤ ਡਿੱਗ ਗਈ। ਇਮਾਰਤ ਵਿਚ 14-15 ਪਰਿਵਾਰ ਰਹਿੰਦੇ ਸਨ। ਪਿਛਲੇ 12 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 15 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜਦਕਿ 3 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਮੁਤਾਬਕ ਮਲਬੇ 'ਚ ਫਸੇ ਲੋਕਾਂ ਨਾਲ ਲਗਾਤਾਰ ਗੱਲਬਾਤ ਜਾਰੀ ਹੈ। ਉਹਨਾਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਪਾ ਦੇ ਕਿਥੋਰ ਦੇ ਵਿਧਾਇਕ ਅਤੇ ਇਮਾਰਤ ਦੇ ਮਾਲਕ ਸਾਬਕਾ ਕੈਬਨਿਟ ਮੰਤਰੀ ਸ਼ਾਹਿਦ ਮਨਸੂਰ ਦੇ ਪੁੱਤਰ ਨਵਾਜ਼ਿਸ਼ ਮੰਸੂਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਕੁਝ ਘੰਟਿਆਂ ਬਾਅਦ ਇਹ ਇਮਾਰਤ ਢਹਿ ਗਈ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਪਹੁੰਚ ਗਈਆਂ। NDRF, SDRF ਦੀ ਟੀਮ ਬਚਾਅ 'ਚ ਲੱਗੀ ਹੋਈ ਹੈ। ਫੌਜ ਦੀ ਇਕ ਟੀਮ ਵੀ ਬਚਾਅ ਵਿਚ ਲੱਗੀ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੂਰੀ ਘਟਨਾ 'ਤੇ ਨਜ਼ਰ ਰੱਖ ਰਹੇ ਹਨ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ, ਸ਼ਹਿਰੀ ਵਿਕਾਸ ਮੰਤਰੀ ਏ ਕੇ ਸ਼ਰਮਾ, ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਯੋਗੀ ਅਵਨੀਸ਼ ਅਵਸਥੀ, ਪ੍ਰਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਮੌਕੇ 'ਤੇ ਪਹੁੰਚੇ।

ਡੀਜੀਪੀ ਯੂਪੀ ਡੀਐਸ ਚੌਹਾਨ ਨੇ ਦੱਸਿਆ ਕਿ ਇਮਾਰਤ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਇਸ ਲਈ ਬਚਾਅ ਵਿਚ ਦੇਰੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕੁਝ ਹੋਰ ਲੋਕ ਅਜੇ ਵੀ ਅੰਦਰ ਫਸੇ ਹੋਏ ਹਨ। ਉਹਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸਪਾ ਸਰਕਾਰ ਵਿਚ ਮੰਤਰੀ ਰਹੇ ਸ਼ਾਹਿਦ ਮਨਸੂਰ ਦੇ ਪੁੱਤਰ ਨਵਾਜ਼ਿਸ਼ ਦੀ ਇਮਾਰਤ ਹੈ। ਇਸ ਵਿਚ ਉਸ ਦਾ ਇਕ ਫਲੈਟ ਵੀ ਹੈ। ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

NDRF, SDRF ਤੋਂ ਇਲਾਵਾ ਫੌਜ ਦੀ ਟੀਮ ਵੀ ਬਚਾਅ 'ਚ ਲੱਗੀ ਹੋਈ ਹੈ। ਜਦੋਂ ਡੀਜੀਪੀ ਯੂਪੀ ਡੀਐਸ ਚੌਹਾਨ ਨੂੰ ਇਮਾਰਤ ਦੇ ਡਿੱਗਣ ਦੇ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਹੁਣ ਇਨ੍ਹਾਂ ਵਿਸ਼ਿਆਂ 'ਤੇ ਚਰਚਾ ਕਰਨ ਦਾ ਸਮਾਂ ਨਹੀਂ ਹੈ। ਫਿਲਹਾਲ ਸਾਡਾ ਧਿਆਨ ਬਚਾਅ ਕਾਰਜ 'ਤੇ ਹੈ। ਪੁਲਿਸ ਨੇ ਦੱਸਿਆ ਕਿ ਬਚਾਏ ਗਏ ਸਾਰੇ ਲੋਕ ਸੁਰੱਖਿਅਤ ਹਨ। ਇਨ੍ਹਾਂ 'ਚੋਂ 7 ਲੋਕਾਂ ਨੂੰ ਇਲਾਜ ਲਈ ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।