ਲੋਕਾਂ ਦੀ ਧਾਰਮਕ ਆਜ਼ਾਦੀ ਦੇ ਪੈਰੋਕਾਰ ਹਨ ਮੋਦੀ : ਟਰੰਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਕਾਨੂੰਨ ਬਾਰੇ ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ, ਇਹ ਭਾਰਤ ਦਾ ਮਾਮਲਾ

file photo

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਆਪਕ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਧਾਰਮਕ ਆਜ਼ਾਦੀ ਦੇ ਮਸਲੇ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਮੋਦੀ ਲੋਕਾਂ ਦੀ ਧਾਰਮਕ ਆਜ਼ਾਦੀ ਦੇ ਪੈਰੋਕਾਰ ਹਨ ਅਤੇ ਚਾਹੁੰਦੇ ਹਨ ਕਿ ਲੋਕਾਂ ਨੂੰ ਧਾਰਮਕ ਆਜ਼ਾਦੀ ਮਿਲੇ।

ਟਰੰਪ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ। ਇਹ ਭਾਰਤ ਨੇ ਵੇਖਣਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਰਤ ਅਪਣੇ ਲੋਕਾਂ ਲਈ ਸਹੀ ਫ਼ੈਸਲੇ ਕਰੇਗਾ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਨ੍ਹਾਂ ਅਪਣੀ ਯਾਤਰਾ ਦੌਰਾਨ ਇਥੇ ਵਾਪਰ ਰਹੀਆਂ ਹਿੰਸਕ ਘਟਨਾਵਾਂ ਬਾਰੇ ਮੋਦੀ ਨਾਲ ਚਰਚਾ ਕੀਤੀ ਹੈ? ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਅਜਿਹੀ ਕੋਈ ਚਰਚਾ ਨਹੀਂ ਕੀਤੀ। ਇਹ ਭਾਰਤ ਨੇ ਵੇਖਣਾ ਹੈ।

ਅਮਰੀਕੀ ਰਾਸ਼ਟਪਰਤੀ ਨੇ ਕਿਹਾ ਕਿ ਉਨ੍ਹਾਂ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਦੇ ਮੁੱਦੇ 'ਤੇ ਮੋਦੀ ਨਾਲ ਗੱਲਬਾਤ ਕੀਤੀ। ਭਾਰਤ, ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਆਖ਼ਰੀ ਅਮਲੀ ਰੂਪ ਲੈਂਦੇ ਹੋਏ ਵੇਖਣਾ ਚਾਹੁੰਦਾ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਮੋਦੀ ਨੂੰ ਸ਼ਾਨਦਾਰ ਨੇਤਾ ਅਤੇ ਭਾਰਤ ਨੂੰ ਵਿਲੱਖਣ ਦੇਸ਼ ਦਸਿਆ।

ਉਨ੍ਹਾਂ ਕਿਹਾ, 'ਅਸੀਂ ਧਾਰਮਕ ਆਜ਼ਾਦੀ ਬਾਰੇ ਗੱਲਬਾਤ ਕੀਤੀ, ਮੋਦੀ ਚਾਹੁੰਦੇ ਹਨ ਕਿ ਭਾਰਤ ਵਿਚ ਲੋਕਾਂ ਨੂੰ ਧਾਰਮਕ ਆਜ਼ਾਦੀ ਮਿਲੇ। ਜੇ ਤੁਸੀਂ ਪਿੱਛੇ ਮੁੜ ਕੇ ਵੇਖੋ ਤਾਂ ਭਾਰਤ ਨੇ ਧਾਰਮਕ ਆਜ਼ਾਦੀ ਲਈ ਸਖ਼ਤ ਮਿਹਨਤ ਕੀਤੀ ਹੈ।' ਇਹ ਪੁੱਛੇ ਜਾਣ 'ਤੇ ਕਿ ਕੀ ਰੂਸ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਟਰੰਪ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਨੇ ਉਨ੍ਹਾਂ ਨਾਲ ਕਦੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

ਟਰੰਪ ਨੇ ਇਸਲਾਮਕ ਅਤਿਵਾਦ 'ਤੇ ਕਾਬੂ ਪਾਉਣ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਜਿੰਨਾ ਮੈਂ ਕੀਤਾ, ਉਸ ਨਾਲੋਂ ਜ਼ਿਆਦਾ ਕਿਸੇ ਨੇ ਕੀਤਾ ਹੈ। ਟਰੰਪ ਨੇ ਕੱਟੜਵਾਦੀ ਇਸਲਾਮੀ ਅਤਿਵਾਦ ਨਾਲ ਸਿੱਝਣ 'ਤੇ ਕਿਹਾ ਕਿ ਰੂਸ, ਸੀਰੀਆ ਅਤੇ ਈਰਾਨ ਨੂੰ ਅਜਿਹਾ ਕਰਨਾ ਚਾਹੀਦਾ ਹੈ।