ਸੋਨੇ ਦੀ ਕੀਮਤ ਨੇ ਪਾਇਆ 'ਬੈਕ-ਗੇਅਰ', ਪਹਿਲੀ ਵਾਰ ਘਟੀ ਇਕ ਝਟਕੇ 'ਚ ਇੰਨੀ ਕੀਮਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਚਤਮ ਉਚਾਈ 'ਤੇ ਪਹੁੰਚਣ ਤੋਂ ਬਾਅਦ ਇਕਦਮ 954 ਰੁਪਏ ਤਕ ਘਟੀ ਕੀਮਤ

file photo

ਨਵੀਂ ਦਿੱਲੀ :  ਚੱਲ ਰਹੇ ਵਿਆਹਾਂ ਦੇ ਸੀਜ਼ਨ ਅਤੇ ਪਿਛਲੇ ਦਿਨਾਂ ਦੌਰਾਨ ਸੋਨੇ ਦੀਆਂ ਕੀਮਤਾਂ 'ਚ ਆਏ ਵੱਡੇ ਉਛਾਲ ਦਰਮਿਆਨ ਸੋਨੇ ਦੀਆਂ ਕੀਮਤਾਂ 'ਚ ਇਕਦਮ ਆਈ ਗਿਰਾਵਟ ਦੀ ਲਹਿਰ ਨੇ ਖ਼ਰੀਦਦਾਰਾਂ ਨੂੰ ਵੱਡੀ ਰਾਹਤ ਦਿਤੀ ਹੈ। ਰੁਪਏ ਦੀ ਮਜ਼ਬੂਤੀ ਅਤੇ ਗਲੋਬਲ ਮਾਰਕੀਟ ਵਿਚ ਵਿਕਵਾਲੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਸੋਨੇ ਦੀ ਗਿਰਾਵਟ ਦਾ ਰੁਝਾਨ ਵੇਖਣ ਨੂੰ ਮਿਲਿਆ ਹੈ।

ਸਿੱਟੇ ਵਜੋਂ ਦਿੱਲੀ ਦੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਵਿਚ 954 ਰੁਪਏ ਪ੍ਰਤੀ 10 ਗਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਕਾਰਨ ਖ਼ਰੀਦਦਾਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਚਾਂਦੀ ਦੇ ਕੀਮਤਾਂ ਵਿਚ ਵੀ ਪ੍ਰਤੀ ਕਿਲੋਗਰਾਮ ਦੇ ਹਿਸਾਬ ਨਾਲ 80 ਰੁਪਏ ਤਕ ਦੀ ਕਮੀ ਵੇਖਣ ਨੂੰ ਮਿਲੀ ਹੈ।

ਕਾਬਲੇਗੌਰ ਹੈ ਕਿ ਸੋਮਵਾਰ ਨੂੰ ਸੋਨੇ ਦੀ ਕੀਮਤ ਹੁਣ ਤਕ ਦੀ ਸਭ ਤੋਂ ਉੱਚਾਈ 'ਤੇ ਪਹੁੰਚ ਕੇ ਪ੍ਰਤੀ 10 ਗਰਾਮ 44,503 ਰੁਪਏ ਤਕ ਪਹੁੰਚ ਗਈ ਸੀ। ਸੋਨੇ ਦੀਆਂ ਘਟੀਆਂ ਕੀਮਤਾਂ ਤੋਂ ਬਾਅਦ ਹੁਣ ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 44,503 ਰੁਪਏ ਤੋਂ ਘੱੱਟ ਕੇ 43,549 ਰੁਪਏ ਪ੍ਰਤੀ 10 ਗਰਾਮ 'ਤੇ ਆ ਗਈ ਹੈ। ਇਕ ਦਿਨ ਵਿਚ ਸੋਨੇ ਦੀ ਕੀਮਤ 'ਚ 954 ਰੁਪਏ ਤਕ ਦੀ ਇਹ ਕਮੀ ਇਸ ਸਾਲ ਅੰਦਰ ਕਿਸੇ ਕਾਰੋਬਾਰੀ ਦਿਨ ਦੀ ਪਹਿਲੀ ਸਭ ਤੋਂ ਵੱਡੀ ਗਿਰਾਵਟ ਹੈ।

ਇਸੇ ਦੌਰਾਨ ਦਿੱਲੀ ਵਿਖੇ 99.9 ਸ਼ੁਧਤਾ ਵਾਲੇ ਸੋਨੇ ਦੀ ਕੀਮਤ ਵਿਚ ਵੀ 770 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਇਸ ਦੀ ਕੀਮਤ 44,030  ਤੋਂ ਘੱਟ ਕੇ 43,880 ਰੁਪਏ ਪ੍ਰਤੀ 10 ਗਰਾਮ ਰਹਿ ਗਈ ਹੈ। ਇਸੇ ਦੌਰਾਨ ਸਰਾਫ਼ਾ ਬਾਜ਼ਾਰ ਵਿਚ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ 50,070 ਰੁਪਏ ਪ੍ਰਤੀ ਕਿਲੋਗਰਾਮ ਤੋਂ ਘੱਟ ਕੇ 49,990 ਰੁਪਏ ਹੋ ਗਈ ਹੈ। ਉਥੇ ਹੀ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1648 ਡਾਲਰ ਪ੍ਰਤੀ 10 ਗਰਾਮ ਅਤੇ ਚਾਂਦੀ ਦੀ ਕੀਮਤ 18.40 ਡਾਲਰ ਚੱਲ ਰਹੀ ਹੈ।

ਇਹ ਰਹੇ ਗਿਰਾਵਟ ਪਿਛਲੇ ਕਾਰਨ : ਐਚਡੀਐਫਸੀ ਸਕਿਊਰਟੀਜ਼ ਦੇ ਸੀਨੀਅਰ ਅਧਿਕਾਰੀ ਤਪਨ ਪਟੇਲ ਅਨੁਸਾਰ ਗਲੋਬਲ ਮਾਰਕੀਟ ਵਿਚ ਕੀਮਤਾਂ 'ਚ ਕਮੀ ਅਤੇ ਰੁਪਏ ਦੀ ਮਜ਼ਬੂਤੀ ਦੇ ਚਲਦਿਆਂ ਘਰੇਲੂ ਬਾਜ਼ਾਰ ਵਿਚ ਸੋਨੇ ਦਾ ਭਾਅ ਘਟਿਆ ਹੈ। ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਮਜ਼ਬੂਤੀ ਦਾ ਮਾਹੌਲ ਰਿਹਾ। ਸ਼ੁਰੂਆਤ 'ਚ ਕਾਰੋਬਾਰ 'ਚ ਇਕ ਡਾਲਰ ਦੇ ਮੁਕਾਬਲੇ ਰੁਪਇਆ 18 ਪੈਸੇ ਮਜ਼ਬੂਤ ਹੋ ਕੇ 71.80 ਤਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਅੰਦਰ ਫੈਲੀ ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਜ਼ਿਆਦਾ ਗਿਰਾਵਟ ਦੀਆਂ ਸੰਭਾਵਨਾਵਾਂ ਵੀ ਘੱਟ ਹੀ ਹਨ।