ਵਧ ਰਹੀਆਂ ਤੇਲ ਕੀਮਤਾਂ ਨੂੰ ਲੈ ਕੇ ਭਾਰਤ ਸਰਕਾਰ ’ਤੇ ਨਵਜੋਤ ਸਿੱਧੂ ਦਾ ਹਮਲਾ, ਕੀਤਾ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਜੋਤ ਸਿੱਧੂ ਨੇ ਲਿਖਿਆ ਦੁਨੀਆਂ ਵਿਚ ਪੈਟਰੋਲ-ਡੀਜ਼ਲ ’ਤੇ ਸਭ ਤੋਂ ਜ਼ਿਆਦਾ ਟੈਕਸ ਦੀ ਮਾਰ-ਚੌਪਟ ਸਰਕਾਰ

Navjot Sidhu

ਚੰਡੀਗੜ੍ਹ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਇਹਨੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਹਨ। ਖੇਤੀ ਕਾਨੂੰਨਾਂ ਖ਼ਿਲਾਫ ਜਾਰੀ ਕਿਸਾਨੀ ਸੰਘਰਸ਼ ਦੌਰਾਨ ਉਹ ਲਗਾਤਾਰ ਕੇਂਦਰ ਸਰਕਾਰ ਵਿਰੁੱਧ ਟਵੀਟ ਕਰਦੇ ਦਿਖਾਈ ਦੇ ਰਹੇ ਹਨ। ਹੁਣ ਨਵਜੋਤ ਸਿੱਧੂ ਨੇ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ।

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਇਹਨਾਂ ਵਿਚ ਭਾਰਤ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਗੁਆਂਢੀ ਮੁਲਕਾਂ ਅਤੇ ਹੋਰ ਵੱਡੇ ਦੇਸ਼ਾਂ ਨਾਲ ਕੀਤੀ ਗਈ ਹੈ। ਨਵਜੋਤ ਸਿੱਧੂ ਨੇ ਟਵੀਟ ਲਿਖਿਆ, ‘ਦੁਨੀਆਂ ਵਿਚ ਪੈਟਰੋਲ-ਡੀਜ਼ਲ ’ਤੇ ਸਭ ਤੋਂ ਜ਼ਿਆਦਾ ਟੈਕਸ ਦੀ ਮਾਰ-ਚੌਪਟ ਸਰਕਾਰ’।

ਪਹਿਲੀ ਤਸਵੀਰ ਵਿਚ ਭਾਰਤ ਵਿਚ ਪੈਟਰੋਲ ਦੀ ਕੀਮਤ 101 ਰੁਪਏ ਅਤੇ ਡੀਜ਼ਲ ਦੀ ਕੀਮਤ 91 ਰੁਪਏ ਦਿਖਾਈ ਗਈ ਹੈ। ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਵਿਚ ਭਾਰਤ ਵਿਚ ਕੀਮਤਾਂ ਸਭ ਤੋਂ ਵੱਧ ਹਨ।

ਦੂਜੀ ਤਸਵੀਰ ਵਿਚ ਤੇਲ ਕੀਮਤਾਂ ਦੀ ਤੁਲਨਾ ਗੁਆਂਢੀ ਦੇਸ਼ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਦੀਆਂ ਕੀਮਤਾਂ ਨਾਲ ਕੀਤੀ ਗਈ ਹੈ, ਇਹਨਾਂ ਦੇਸ਼ਾਂ ਵਿਚ ਵੀ ਪੈਟਰੋਲ-ਡੀਜ਼ਲ ਦੀ ਕੀਮਤ ਭਾਰਤ ਨਾਲੋਂ ਘੱਟ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 90 ਤੋਂ ਪਾਰ ਹੈ। ਇਸ ਮਹੀਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 13 ਵਾਰ ਵਾਧਾ ਹੋਇਆ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਅਤੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।