ਪੁਡੂਚੇਰੀ ਵਿਚ ਬੋਲੇ ਪੀਐਮ- ਲੋਕਾਂ ਨੇ ਬਹੁਤ ਉਮੀਦ ਨਾਲ ਕਾਂਗਰਸ ਨੂੰ ਵੋਟ ਦਿੱਤੀ ਸੀ ਪਰ ਹੋਏ ਨਿਰਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਨੂੰ ਸਮਝ ਨਹੀਂ ਆਉਂਦਾ ਕਿ ਕਾਂਗਰਸ ਕਿਉਂ ਨਹੀਂ ਚਾਹੁੰਦੀ ਕਿ ਕੋਈ ਦੂਜਾ ਲੋਕਾਂ ਲਈ ਕੰਮ ਕਰੇ?- ਪ੍ਰਧਾਨ ਮੰਤਰੀ ਨਰਿੰਦਰ ਮੋਦੀ

PM Narendra Modi in Puducherry

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਦੌਰੇ 'ਤੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਪੁਡੂਚੇਰੀ ਵਿਚ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪੁਡੂਚੇਰੀ ਦੇ ਉਪ-ਰਾਜਪਾਲ ਤਮਿਲਸਾਈ ਸੁੰਦਰਰਾਜਨ ਵੀ ਮੌਜੂਦ ਰਹੇ।

ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ 2016 ਵਿਚ ਪੁਡੂਚੇਰੀ ਦੇ ਲੋਕਾਂ ਨੇ ਬਹੁਤ ਉਮੀਦ ਨਾਲ ਕਾਂਗਰਸ ਨੂੰ ਵੋਟ ਦਿੱਤੀ, ਉਹਨਾਂ ਨੂੰ ਲੱਗਿਆ ਕਿ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। 5 ਸਾਲ ਬਾਅਦ ਲੋਕ ਨਿਰਾਸ਼ ਹਨ, ਉਹਨਾਂ ਦੇ ਸੁਪਨੇ ਤੇ ਉਮੀਦਾਂ ਟੁੱਟ ਚੁੱਕੀਆਂ ਹਨ।

ਉਹਨਾਂ ਕਿਹਾ ਹਾਈ ਕਮਾਨ ਕਾਂਗਰਸ ਸਰਕਾਰ ਨੇ ਪੁਡੂਚੇਰੀ ਵਿਚ ਸ਼ਾਸਨ ਦੌਰਾਨ ਹਰ ਸੈਕਟਰ ਨੂੰ ਨੁਕਸਾਨ ਪਹੁੰਚਾਇਆ। ਕਾਂਗਰਸ ਲੋਕਾਂ ਲਈ ਕੰਮ ਕਰਨ ਵਿਚ ਵਿਸ਼ਵਾਸ ਨਹੀਂ ਕਰਦੀ। ਮੈਨੂੰ ਸਮਝ ਨਹੀਂ ਆਉਂਦਾ ਕਿ ਕਾਂਗਰਸ ਕਿਉਂ ਨਹੀਂ ਚਾਹੁੰਦੀ ਕਿ ਕੋਈ ਦੂਜਾ ਲੋਕਾਂ ਲਈ ਕੰਮ ਕਰੇ? ਪੀਐਮ ਮੋਦੀ ਨੇ ਕਿਹਾ ਕਾਂਗਰਸ ਹੋਰਾਂ ਨੂੰ ਲੋਕਤੰਤਰ ਵਿਰੋਧੀ ਕਹਿਣ ਦਾ ਕੋਈ ਮੌਕਾ ਨਹੀਂ ਛੱਡਦੀ, ਉਹਨਾਂ ਨੂੰ ਖੁਦ ਨੂੰ ਸ਼ੀਸ਼ੇ ਵਿਚ ਦੇਖਣ ਦੀ ਲੋੜ ਬੈ। ਉਹਨਾਂ ਨੇ ਲੋਕਤੰਤਰ ਦਾ ਅਪਮਾਨ ਕੀਤਾ ਹੈ।

ਉਹਨਾਂ ਕਿਹਾ ਸਾਡੇ ਬਸਤੀਵਾਦੀ ਹਾਕਮਾਂ ਦੀ ਵੰਡ ਅਤੇ ਰਾਜ ਕਰਨ ਦੀ ਨੀਤੀ ਸੀ, ਕਾਂਗਰਸ ਦੀ ਵੰਡੋ, ਝੂਠ ਬੋਲੋ ਅਤੇ ਰਾਜ ਕਰੋ ਦੀ ਨੀਤੀ ਹੈ। ਉਹ ਝੂਠ ਬੋਲਣ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਪਣੀਆਂ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਲੋੜ ਹੈ। ਐਨਐਚ 45 ਏ ਦੀ 4 ਲੇਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਆਰਥਕ ਗਤੀਵਿਧੀਆਂ ਵਿਚ ਤੇਜ਼ੀ ਆਵੇਗੀ।

ਸਿਹਤ ਖੇਤਰ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹੈਲਥ ਕੇਅਰ ਸੈਕਟਰ ਆਉਣ ਵਾਲੇ ਸਮੇਂ ਵਿਚ ਮੁੱਖ ਭੂਮਿਕਾ ਨਿਭਾਏਗਾ, ਜੋ ਰਾਸ਼ਟਰ ਸਿਹਤ ਵਿਚ ਨਿਵੇਸ਼ ਕਰਨਗੇ, ਉਹ ਚਮਕਣਗੇ। ਇਸ ਸਾਲ ਦੇ ਬਜਟ ਵਿਚ ਸਿਹਤ ਖੇਤਰ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਦੇਸ਼ ਦੀ ਖੁਸ਼ਹਾਲੀ ਚੰਗੀ ਸਿਹਤ ਨਾਲ ਜੁੜੀ ਹੋਈ ਹੈ। ਪਿਛਲੇ ਸੱਤ ਸਾਲਾਂ ਵਿਚ ਭਾਰਤ ਨੇ ਤੰਦਰੁਸਤੀ ਅਤੇ ਕਲਿਆਣ ਵਿਚ ਸੁਧਾਰ ਲਈ ਕਈ ਉਪਰਾਲੇ ਕੀਤੇ ਹਨ।