ਸਪਨਾ ਚੌਧਰੀ ਨੇ ਕਾਂਗਰਸ ਜੁਆਇੰਨ ਕਰਨ ਦੀ ਗੱਲ ਤੋਂ ਕੀਤਾ ਇਨਕਾਰ
ਆਖ਼ਰ ਕਿਸ ਪਾਰਟੀ 'ਚ ਜਾ ਰਹੀ ਹੈ ਸਪਨਾ ਚੌਧਰੀ?
ਨਵੀਂ ਦਿੱਲੀ : ਪਿਛਲੇ ਦੋ ਦਿਨਾਂ ਤੋਂ ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ਲੈ ਕੇ ਕਾਫ਼ੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਆਖ਼ਰ ਸਪਨਾ ਚੌਧਰੀ ਕਿਸ ਪਾਰਟੀ ਵਿਚ ਜਾ ਰਹੀ ਹੈ। ਕਾਂਗਰਸ ਵਿਚ ਜਾਂ ਭਾਜਪਾ ਵਿਚ? ਦਰਅਸਲ ਪਹਿਲਾਂ ਉਨ੍ਹਾਂ ਦੀ ਤਸਵੀਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਆਈ ਅਤੇ ਕਿਹਾ ਗਿਆ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ ਹੈ ਪਰ ਬਾਅਦ ਵਿਚ ਸਪਨਾ ਨੇ ਸਾਫ਼ ਇਨਕਾਰ ਕਰ ਦਿਤਾ ਕਿ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਨਹੀਂ ਹੋਈ ਹੈ। ਇਸ ਉਸ ਦੀਆਂ ਪੁਰਾਣੀਆਂ ਤਸਵੀਰਾਂ ਹਨ।
ਸਪਨਾ ਦੇ ਇਸ ਇਨਕਾਰ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾ ਗਿਆ ਕਿਉਂਕਿ ਇਸ ਨਾਲ ਕਾਂਗਰਸ ਵਿਰੋਧੀਆਂ ਨੂੰ ਬਲ ਮਿਲਣਾ ਤੈਅ ਸੀ। ਇਸ ਤੋਂ ਬਾਅਦ ਫਿਰ ਕਾਂਗਰਸ ਨੇ ਸਪਨਾ ਦੇ ਕਾਂਗਰਸ ਵਿਚ ਆਉਣ ਦੇ ਸਬੂਤ ਦਿਖਾ ਦਿਤੇ। ਉਤਰ ਪ੍ਰਦੇਸ਼ ਕਾਂਗਰਸ ਦੇ ਸਕੱਤਰ ਨਰਿੰਦਰ ਰਾਠੀ ਨੇ ਕਿਹਾ ਕਿ ਸਪਨਾ ਚੌਧਰੀ ਨੇ ਖ਼ੁਦ ਉਨ੍ਹਾਂ ਦੇ ਸਾਹਮਣੇ ਇਹ ਮੈਂਬਰਸ਼ਿਪ ਫਾਰਮ ਭਰਿਆ ਸੀ ਪਰ ਉਹ ਹੈਰਾਨ ਨੇ ਕਿ ਅਚਾਨਕ ਸਪਨਾ ਨੂੰ ਕੀ ਹੋ ਗਿਆ ਹੈ? ਕਹਾਣੀ ਇਥੇ ਹੀ ਖ਼ਤਮ ਨਹੀਂ ਹੋਈ, ਇਸ ਤੋਂ ਬਾਅਦ ਸਪਨਾ ਚੌਧਰੀ ਦੀ ਦਿੱਲੀ ਦੇ ਭਾਜਪਾ ਪ੍ਰਧਾਨ ਅਤੇ ਮਸ਼ਹੂਰ ਭੋਜਪੁਰੀ ਗਾਇਕ ਮਨੋਜ ਤਿਵਾੜੀ ਨਾਲ ਤਸਵੀਰ ਸਾਹਮਣੇ ਆ ਗਈ।
ਮਨੋਜ ਤਿਵਾੜੀ ਦਾ ਕਹਿਣੈ ਕਿ ਕਾਂਗਰਸ ਸਪਨਾ ਨੂੰ ਲੈ ਕੇ ਝੂਠ ਬੋਲ ਰਹੀ ਹੈ ਪਰ ਜਲਦ ਹੀ ਸਪਨਾ ਖ਼ੁਦ ਸਾਰੀ ਸੱਚਾਈ ਮੀਡੀਆ ਸਾਹਮਣੇ ਦੱਸੇਗੀ। ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਸਪਨਾ ਦੀ ਮਨੋਜ ਤਿਵਾੜੀ ਨਾਲ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੁਣ ਇਹ ਭੰਬਲਭੂਸਾ ਹੋਰ ਵਧ ਗਿਆ ਹੈ। ਕਾਂਗਰਸ ਵਿਚ ਜਾਣ ਤੋਂ ਭਾਵੇਂ ਸਪਨਾ ਨੇ ਇਨਕਾਰ ਕੀਤਾ ਹੈ। ਸਵਾਲ ਇਹ ਵੀ ਹੈ ਕਿ ਕੀ ਸਪਨਾ ਭਾਜਪਾ ਵਿਚ ਸ਼ਾਮਲ ਹੋ ਗਈ ਹੈ। ਇਸ ਦਾ ਖ਼ੁਲਾਸਾ ਤਾਂ ਖ਼ੁਦ ਸਪਨਾ ਚੌਧਰੀ ਨੂੰ ਹੀ ਕਰਨਾ ਹੋਵੇਗਾ।